ਬ੍ਰਿਟੇਨ ‘ਚ ਵੀਜ਼ਾ ਅਤੇ ਇਮੀਗ੍ਰੇਸ਼ਨ ‘ਤੇ ਨਵੀਂ ਵਿਵਸਥਾ ਵਾਲਾ ਬਿੱਲ ਸੰਸਦ ‘ਚ ਪੇਸ਼

740

ਲੰਡਨ, 20 ਮਈ (ਪੰਜਾਬ ਮੇਲ) – ਬ੍ਰਿਟੇਨ ‘ਚ ਵੀਜ਼ਾ ਅਤੇ ਇਮੀਗ੍ਰੇਸ਼ਨ ‘ਤੇ ਨਵੀਂ ਵਿਵਸਥਾ ਵਾਲਾ ਬਿੱਲ ਸੋਮਵਾਰ ਨੂੰ ‘ਹਾਊਸ ਆਫ ਕਾਮਨਸ’ ‘ਚ ਪੇਸ਼ ਕੀਤਾ ਗਿਆ। ਇਸ ਵਿਚ ਕੀਤੇ ਗਏ ਪ੍ਰਾਵਧਾਨਾਂ ਦੇ ਤਹਿਤ ਦੇਸ਼ ਦੇ ਆਧਾਰ ‘ਤੇ ਨਹੀਂ, ਬਲਕਿ ਹੁਨਰ ਦੇ ਆਧਾਰ ‘ਤੇ ਕੰਮ ਦੇ ਇਛੁੱਕ ਲੋਕਾਂ ਨੂੰ ਵੀਜ਼ਾ ਪ੍ਰਦਾਨ ਕੀਤਾ ਜਾਵੇਗਾ। ਇਮੀਗ੍ਰੇਸ਼ਨ ਅਤੇ ਸਮਾਜਿਕ ਸੁਰੱਖਿਆ ਤਾਲਮੇਲ (ਈ.ਯੂ. ਵਿਡ੍ਰਾਲ) ਬਿੱਲ 2020 ਨੂੰ ਮਾਰਚ ‘ਚ ਸਦਨ ‘ਚ ਰੱਖਿਆ ਗਿਆ ਸੀ ਪਰ ਕੋਰੋਨਾਵਾਇਰਸ ਸੰਕਟ ਕਾਰਨ ਇਸ ‘ਤੇ ਅੱਗੇ ਦੀ ਕਾਰਵਾਈ ਨਹੀਂ ਹੋਈ। ਬ੍ਰਿਟੇਨ ਦੀ ਗ੍ਰਹਿ ਮੰਤਰੀ ਪ੍ਰੀਤੀ ਪਟੇਲ ਨੇ ਕਿਹਾ ਕਿ ਬਿੱਲ ਦਾ ਇਤਿਹਾਸਕ ਹਿੱਸਾ ਦਹਾਕਿਆਂ ਵਿਚ ਪਹਿਲੀ ਵਾਰ ਇਮੀਗ੍ਰੇਸ਼ਨ ਤੰਤਰ ‘ਤੇ ਬ੍ਰਿਟੇਨ ਨੂੰ ਪੂਰਾ ਅਧਿਕਾਰ ਦੇਵੇਗਾ ਅਤੇ ਇਹ ਤਾਕਤ ਵੀ ਮਿਲੇਗੀ ਕਿ ਕੌਣ ਇਸ ਦੇਸ਼ ਵਿਚ ਆਵੇਗਾ।
ਭਾਰਤੀ ਮੂਲ ਦੀ ਮੰਤਰੀ ਨੇ ਆਖਿਆ ਕਿ ਸਾਡੀ ਨਵੀਂ ਵਿਵਸਥਾ ਪੁਖਤਾ, ਪਾਰਦਰਸ਼ੀ ਅਤੇ ਆਸਾਨ ਹੈ। ਸਾਡੀ ਅਰਥ ਵਿਵਸਥਾ ਨੂੰ ਅੱਗੇ ਲਿਜਾਣ ਲਈ ਸਾਨੂੰ ਜ਼ਰੂਰਤ ਦੇ ਲੋਕ ਮਿਲਣਗੇ ਅਤੇ ਜ਼ਿਆਦਾ ਤਨਖਾਹ, ਉੱਚ ਹੁਨਰ, ਜ਼ਿਆਦਾ ਉਤਪਾਦਕ ਅਰਥ ਵਿਵਸਥਾ ਦੀ ਨੀਂਹ ਰੱਖੇਗੀ। ਅਗਲੇ ਸਾਲ 1 ਜਨਵਰੀ ਤੋਂ ਲਾਗੂ ਹੋਣ ਵਾਲੀ ਨਵੀਂ ਵਿਵਸਥਾ ਦੇ ਤਹਿਤ ਬ੍ਰਿਟੇਨ ‘ਚ ਕੰਮ ਕਰਨ ਅਤੇ ਰਹਿਣ ਲਈ ਅਪਲਾਈ ਕਰਨ ਲਈ ਕੁੱਲ 70 ਨੰਬਰ ਦੀ ਜ਼ਰੂਰਤ ਹੋਵੇਗੀ। ਇਸ ਵਿਚ ਪੇਸ਼ੇਵਰ ਹੁਨਰ ‘ਤੇ, ਅੰਗਰੇਜ਼ੀ ਭਾਸ਼ਾ ਦੀ ਜਾਣਕਾਰੀ, ਨੌਕਰੀ ਦੀ ਪੇਸ਼ਕਸ਼ ਆਦਿ ਦੇ ਆਧਾਰ ‘ਤੇ ਅੰਕ ਦਿੱਤੇ ਜਾਣਗੇ। ਫਿਲਹਾਲ, ਵਿਰੋਧੀ ਦਲਾਂ ਅਤੇ ਸਰਕਾਰ ਦੇ ਆਲੋਚਕਾਂ ਨੇ ਬਿੱਲ ਰੱਖਣ ਦੇ ਸਮੇਂ ਨੂੰ ਲੈ ਕੇ ਚਿੰਤਾ ਵਿਅਕਤ ਕੀਤੀ ਹੈ ਕਿਉਂਕਿ ਕੋਰੋਨਾਵਾਇਰਸ ਨਾਲ ਲੜ ਰਹੇ ਜ਼ਿਆਦਾ ਕਰਮੀ ਯੂਰਪੀ ਸੰਘ ਦੇ ਹੀ ਹਨ।