ਬ੍ਰਿਟੇਨ ‘ਚ ਭਾਰਤੀ ਮੂਲ ਦੇ ਵਿਅਕਤੀ ਨੂੰ ਸਾਬਕਾ ਪ੍ਰੇਮਿਕਾ ਦੇ ਕਤਲ ਦੇ ਦੋਸ਼ ਹੇਠ ਉਮਰਕੈਦ ਦੀ ਸਜ਼ਾ

485
Share

ਲੰਡਨ, 18 ਸਤੰਬਰ (ਪੰਜਾਬ ਮੇਲ)- ਬ੍ਰਿਟੇਨ ‘ਚ ਸਾਬਕਾ ਪ੍ਰੇਮਿਕਾ ਦੇ ਕਤਲ ਦੇ ਜ਼ੁਰਮ ਵਿਚ ਭਾਰਤੀ ਮੂਲ ਦੇ 23 ਸਾਲਾ ਵਿਅਕਤੀ ਨੂੰ ਉਮਰਕੈਦ ਦੀ ਸਜ਼ਾ ਸੁਣਾਈ ਗਈ ਹੈ। ਕਤਲ ਦੇ ਬਾਅਦ ਉਸ ਨੇ ਖੁਦ ਥਾਣੇ ਜਾ ਕੇ ਆਪਣਾ ਜ਼ੁਰਮ ਕਬੂਲ ਕੀਤਾ ਸੀ। ਜਿਗੁ ਕੁਮਾਰ ਸੋਰਥੀ ਨੂੰ ਘੱਟੋ-ਘੱਟ 28 ਸਾਲ ਜੇਲ੍ਹ ਦੀਆਂ ਸਲਾਖਾਂ ਦੇ ਪਿੱਛੇ ਕੱਟਣੇ ਪੈਣਗੇ, ਜਿਸ ਦੇ ਬਾਅਦ ਪੈਰੋਲ ‘ਤੇ ਵਿਚਾਰ ਕੀਤਾ ਜਾਵੇਗਾ।
ਉਸ ਨੂੰ 21 ਸਾਲਾ ਭਾਵਿਨੀ ਪ੍ਰਵੀਨ ਦੇ ਕਤਲ ਦਾ ਦੋਸ਼ੀ ਪਾਇਆ ਗਿਆ ਹੈ। ਉਸ ਨੇ ਮਾਰਚ ਵਿਚ ਲੀਸੈਸਟਰ ਸਥਿਤ ਪ੍ਰਵੀਨ ਦੇ ਘਰ ਵਿਚ ਚਾਕੂ ਮਾਰ ਕੇ ਉਸ ਦਾ ਕਤਲ ਕਰ ਦਿੱਤਾ ਸੀ। ਲੀਸੈਸਟਰ ਕ੍ਰਾਊਨ ਅਦਾਲਤ ‘ਚ ਸੁਣਵਾਈ ਕਰਦਿਆਂ ਨਿਆਂਮੂਰਤੀ ਟਿਮੋਥੀ ਸਪੈਂਸਰ ਨੇ ਸੋਰਥੀ ਨੂੰ ਕਿਹਾ, ”ਇਹ ਇਕ ਭਿਆਨਕ, ਬੇਰਹਿਮੀ ਨਾਲ ਕੀਤਾ ਗਿਆ ਕਤਲ ਸੀ। ਤੁਸੀਂ ਇਕ ਖੂਬਸੂਰਤ, ਪ੍ਰਤਿਭਾਸ਼ਾਲੀ ਅਤੇ ਘੱਟ ਉਮਰ ਦੀ ਬੀਬੀ ਦੀ ਜਾਨ ਲੈ ਲਈ, ਜੋ ਸਿਰਫ 21ਸਾਲ ਦੀ ਸੀ।”
ਇਸ ਮਹੀਨੇ ਦੇ ਸ਼ੁਰੂ ‘ਚ ਕਤਲ ਦੇ ਮੁਕੱਦਮੇ ਦੇ ਦੌਰਾਨ ਜੂਰੀ ਨੂੰ ਦੱਸਿਆ ਗਿਆ ਕਿ ਪ੍ਰਵੀਨ ਨੇ ਸੋਰਥੀ ਨਾਲ ਵਿਆਹ ਨਾ ਕਰਨ ਦਾ ਮਨ ਬਣਾਇਆ ਸੀ, ਜਿਸ ਦੇ ਬਾਅਦ ਉਹ ਠੱਗਿਆ ਹੋਇਆ ਮਹਿਸੂਸ ਕਰ ਰਿਹਾ ਸੀ। ਉਹ 2 ਮਾਰਚ ਨੂੰ ਪ੍ਰਵੀਨ ਦੇ ਘਰ ਗਿਆ ਅਤੇ ਉਸ ‘ਤੇ ਕਈ ਵਾਰ ਚਾਕੂ ਨਾਲ ਹਮਲਾ ਕੀਤਾ। ਇਸ ਦੇ ਬਾਅਦ ਉਹ ਘਰੋਂ ਭੱਜ ਗਿਆ। ਘਟਨਾ ਦੇ ਬਾਅਦ ਪੁਲਿਸ ਅਤੇ ਐਂਬੂਲੈਂਸ ਕਰਮੀਆਂ ਨੂੰ ਬੁਲਾਇਆ ਗਿਆ ਪਰ ਉਨ੍ਹਾਂ ਨੇ ਬੀਬੀ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ। ਘਟਨਾ ਦੇ ਕਰੀਬ 2 ਘੰਟੇ ਬਾਅਦ ਸੋਰਥੀ ਸਿਪਨੀ ਹਿਲ ਥਾਣੇ ਦੇ ਬਾਹਰ ਇਕ ਅਧਿਕਾਰੀ ਦੇ ਕੋਲ ਪਹੁੰਚਿਆ ਅਤੇ ਪ੍ਰਵੀਨ ਦੇ ਕਤਲ ਦਾ ਜ਼ੁਰਮ ਕਬੂਲ ਕਰ ਲਿਆ।


Share