ਬ੍ਰਿਟੇਨ ਕੋਵਿਡ-19 ਦੇ ਮਰੀਜ਼ਾਂ ਲਈ ਸ਼ੁਰੂ ਕਰੇਗਾ ਰੇਮਡੇਸੀਵਿਰ ਦਵਾਈ ਦਾ ਕਲੀਨਿਕਲ ਟ੍ਰਾਇਲ

1081
Share

ਲੰਡਨ, 27 ਮਈ (ਪੰਜਾਬ ਮੇਲ)- ਬ੍ਰਿਟਿਸ਼ ਸਿਹਤ ਸੇਵਾ ਐੱਨ.ਐੱਚ.ਐੱਸ. ਕੋਰੋਨਾਵਾਇਰਸ ਦੇ ਮਰੀਜ਼ਾਂ ਲਈ ਰੇਮਡੇਸੀਵਿਰ ਦਵਾਈ ਮੁਹੱਈਆ ਕਰਾਵੇਗਾ। ਬ੍ਰਿਟਿਸ਼ ਸਿਹਤ ਮੰਤਰੀ ਮੈਟ ਹੈਨਕਾਕ ਨੇ ਕਿਹਾ ਹੈ ਕਿ ਬ੍ਰਿਟੇਨ ਕੋਵਿਡ-19 ਦੇ ਮਰੀਜ਼ਾਂ ਲਈ ਰੇਮਡੇਸੀਵਿਰ ਦਵਾਈ ਦਾ ਕਲੀਨਿਕਲ ਟ੍ਰਾਇਲ ਸ਼ੁਰੂ ਕਰਨ ਵਾਲਾ ਹੈ। ਉਨ੍ਹਾਂ ਦਾ ਆਖਣਾ ਹੈ ਕਿ ਕੋਰੋਨਾ ਮਹਾਮਾਰੀ ਸ਼ੁਰੂ ਹੋਣ ਤੋਂ ਬਾਅਦ ਮਰੀਜ਼ਾਂ ਦੇ ਇਲਾਜ ਲਈ ਚੁੱਕਿਆ ਗਿਆ ਇਹ ਹੁਣ ਤੱਕ ਦਾ ਸ਼ਾਇਦਾ ਸਭ ਤੋਂ ਵੱਡਾ ਕਦਮ ਹੋਵੇਗਾ। ਬ੍ਰਿਟਿਸ਼ ਰੈਗੂਲੇਟਰਸ ਦਾ ਆਖਣਾ ਹੈ ਕਿ ਇਸ ਦਵਾਈ ਦੇ ਇਸਤੇਮਾਲ ਨੂੰ ਲੈ ਕੇ ਲੋੜੀਂਦੇ ਸਬੂਤ ਹਨ ਅਤੇ ਕਈ ਗਿਣੇ-ਚੁਣੇ ਕੋਵਿਡ-19 ਹਸਪਤਾਲਾਂ ‘ਚ ਇਸ ਦੇ ਇਸਤੇਮਾਲ ਦੀ ਇਜਾਜ਼ਤ ਦਿੱਤੀ ਜਾ ਸਕਦੀ ਹੈ।
ਹਾਲਾਂਕਿ ਅਜੇ ਇਸ ਦਵਾਈ ਦੀ ਸਪਲਾਈ ਘੱਟ ਹੋਣ ਕਾਰਨ ਇਹ ਸਿਰਫ ਉਨ੍ਹਾਂ ਲੋਕਾਂ ਨੂੰ ਹੀ ਦਿੱਤੀ ਜਾਵੇਗੀ, ਜਿਨ੍ਹਾਂ ਨੂੰ ਇਸ ਦੀ ਸਭ ਤੋਂ ਸਭ ਤੋਂ ਜ਼ਿਆਦਾ ਜ਼ਰੂਰਤ ਹੈ। ਅਮਰੀਕਾ ਅਤੇ ਜਾਪਾਨ ਵਿਚ ਵੀ ਇਸ ਦਵਾਈ ਦੇ ਇਸਤੇਮਾਲ ਨੂੰ ਲੈ ਕੇ ਇਸ ਤਰ੍ਹਾਂ ਦੇ ਕਦਮ ਚੁੱਕੇ ਗਏ ਸਨ। ਹਾਲਾਂਕਿ ਕਈ ਹੈਲਥ ਐਕਸਪਰਟ ਪਹਿਲਾਂ ਚਿਤਾਵਨੀ ਦੇ ਚੁੱਕੇ ਹਨ ਕਿ ਕੋਵਿਡ-19 ਦੇ ਮਰੀਜ਼ਾਂ ਲਈ ਰੇਮਡੇਸੀਵਿਰ ਕੋਈ ਮੁਕੰਮਲ ਇਲਾਜ ਨਹੀਂ ਹੈ।
ਰੇਮਡੇਸੀਵਿਰ ਨੂੰ ਮੂਲ ਰੂਪ ਤੋਂ ਅਮਰੀਕਾ ਦੀ ਕੰਪਨੀ ਗਿਲੀਡ ਸਾਇੰਸੇਜ਼ ਨੇ ਵਿਕਸਤ ਕੀਤਾ ਸੀ ਅਤੇ ਇਸ ਦਵਾਈ ਨੂੰ ਇਬੋਲਾ ਦੇ ਇਲਾਜ ਲਈ ਬਣਾਇਆ ਗਿਆ ਸੀ। ਹਾਲ ਹੀ ਵਿਚ ਅਮਰੀਕਾ ਵਿਚ ਹੋਏ ਅਧਿਐਨ ਵਿਚ ਪਾਇਆ ਗਿਆ ਸੀ ਕਿ ਰੇਮਡੇਸੀਵਿਰ ਨੇ ਗੰਭੀਰ ਰੂਪ ਤੋਂ ਬੀਮਾਰ ਲੋਕਾਂ ਦੇ ਰੀ-ਕਵਰੀ ਟਾਈਮ ਨੂੰ ਘੱਟ ਕਰਨ ਵਿਚ ਮਦਦ ਕੀਤੀ ਹੈ। ਵਿਸ਼ਵ ਸਿਹਤ ਸੰਗਠਨ ਦੇ ਡਾਕਟਰ ਬਰੁਸ ਆਇਲਵਰਡ ਨੇ ਵੀ ਕੁਝ ਸਮੇਂ ਪਹਿਲਾਂ ਕਿਹਾ ਸੀ ਕਿ ਚੀਨ ਦੇ ਦੌਰੇ ਤੋਂ ਬਾਅਦ ਉਨ੍ਹਾਂ ਪਾਇਆ ਕਿ ਰੇਮਡੇਸੀਵਿਰ ਇਕੱਲੀ ਅਜਿਹੀ ਦਵਾਈ ਹੈ, ਜੋ ਕੋਰੋਨਾ ਦੇ ਮਾਮਲਿਆਂ ਵਿਚ ਅਸਰਦਾਰ ਨਜ਼ਰ ਆਉਂਦੀ ਹੈ।
ਰੇਮਡੇਸੀਵਿਰ ਦਵਾਈ ਮਨੁੱਖੀ ਸਰੀਰ ‘ਚ ਮੌਜੂਦ ਉਸ ਇਕ ਇੰਜ਼ਾਇਮ ‘ਤੇ ਹਮਲਾ ਕਰਦੀ ਹੈ, ਜਿਸ ਦੀ ਮਦਦ ਨਾਲ ਕੋਈ ਵਾਇਰਸ ਸਰੀਰ ਵਿਚ ਦਾਖਲ ਹੋਣ ਤੋਂ ਬਾਅਦ ਖੁਦ ਨੂੰ ਵਧਾਉਂਦਾ ਹੈ। ਦੁਨੀਆਂ ਦੇ ਕਈ ਦੇਸ਼ਾਂ ਵਿਚ ਫਿਲਹਾਲ ਰੇਮਡੇਸੀਵਿਰ ਨੂੰ ਲੈ ਕੇ ਕਲੀਨਿਕਲ ਟ੍ਰਾਇਲ ਚੱਲ ਰਹੇ ਹਨ। ਟ੍ਰਾਇਲ ਤੋਂ ਮਿਲੇ ਸ਼ੁਰੂਆਤੀ ਡਾਟਾ ਮੁਤਾਬਕ ਇਹ ਦਵਾਈ ਬੀਮਾਰ ਲੋਕਾਂ ਦੀ ਰੀ-ਕਵਰੀ ਟਾਈਮ ਨੂੰ 4 ਦਿਨ ਤੱਕ ਘੱਟ ਕਰ ਸਕਦੀ ਹੈ।
ਹਾਲਾਂਕਿ ਹੁਣ ਤੱਕ ਇਸ ਗੱਲ ਦੇ ਸਮਰਥਨ ‘ਚ ਲੋੜੀਂਦਾ ਡਾਟਾ ਨਹੀਂ ਹੈ ਕਿ ਇਹ ਦਵਾਈ ਜ਼ਿਆਦਾ ਲੋਕਾਂ ਦੀ ਜਾਨ ਵੀ ਬਚਾ ਸਕਦੀ ਹੈ ਜਾਂ ਨਹੀਂ। ਹੁਣ ਤੱਕ ਇਹ ਵੀ ਸਪੱਸ਼ਟ ਨਹੀਂ ਹੈ ਬ੍ਰਿਟੇਨ ਦੇ ਲਈ ਗਿਲੀਡ ਸਾਇੰਸੇਜ਼ ਨੇ ਇਸ ਦਵਾਈ ਦਾ ਕਿੰਨਾ ਸਟਾਕ ਰੱਖਿਆ ਹੈ। ਸਿਰਫ ਡਾਕਟਰਾਂ ਦੀ ਸਲਾਹ ਤੋਂ ਬਾਅਦ ਇਹ ਦਵਾਈ ਦਿੱਤੀ ਜਾਵੇਗੀ।


Share