ਬ੍ਰਿਟਿਸ਼ ਕੋਲੰਬੀਆ ’ਚ ਪੰਜਾਬਣ ਸਕਿਓਰਿਟੀ ਗਾਰਡ ਦੇ ਕਤਲ ਕੇਸ ’ਚ 22 ਸਾਲਾ ਗੋਰਾ ਗਿ੍ਰਫ਼ਤਾਰ

215
Share

ਐਬਟਸਫੋਰਡ, 7 ਅਪ੍ਰੈਲ (ਪੰਜਾਬ ਮੇਲ)-ਰਾਇਲ ਕੈਨੇਡੀਅਨ ਮਾਊਂਟਿਡ ਪੁਲਿਸ ਨੇ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਸ਼ਹਿਰ ਕਲੋਨਾ ਨਿਵਾਸੀ ਪੰਜਾਬਣ ਸਕਿਓਰਿਟੀ ਗਾਰਡ ਹਰਮਨਦੀਪ ਕੌਰ ਦੇ ਕਤਲ ਕੇਸ ’ਚ 22 ਸਾਲਾ ਡੇਨਟ ਓਜਨੀਬੇਨ ਹੇਬੌਰਨ ਨੂੰ ਗਿ੍ਰਫ਼ਤਾਰ ਕੀਤਾ ਹੈ। ਬ੍ਰਿਟਿਸ਼ ਕੋਲੰਬੀਆ ਪ੍ਰਕਿਊਸਨ ਸਰਵਿਸ ਏਜੰਸੀ ਨੇ ਉਸ ’ਤੇ ਦੂਜੇ ਦਰਜੇ ਦੇ ਕਤਲ ਕੇਸ ਤਹਿਤ ਚਾਰਜ ਲਾਇਆ ਹੈ। ਘਟਨਾ ਬੀਤੀ 26 ਫਰਵਰੀ ਦੀ ਹੈ, ਜਦੋਂ ਹਰਮਨਦੀਪ ਕੌਰ ਯੂਨੀਵਰਸਿਟੀ ਆਫ਼ ਬ੍ਰਿਟਿਸ਼ ਕੋਲੰਬੀਆ ਓਕਾਨਾਗਨ ਕੈਂਪਸ ਵਿਖੇ ਰਾਤ ਸਮੇਂ ਸਕਿਓਰਿਟੀ ਗਾਰਡ ਦੀ ਡਿਊਟੀ ਦੇ ਰਹੀ ਸੀ, ਤਾਂ ਡੇਨਟ ਨੇ ਅਚਾਨਕ ਉਸ ’ਤੇ ਹਮਲਾ ਕਰ ਦਿੱਤਾ। ਹਮਲੇ ’ਚ ਗੰਭੀਰ ਜ਼ਖ਼ਮੀ ਹੋਈ ਹਰਮਨਦੀਪ ਕੌਰ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ, ਜਿੱਥੇ ਉਸ ਦੀ ਮੌਤ ਹੋ ਗਈ ਸੀ। ਜ਼ਿਲ੍ਹਾ ਕਪੂਰਥਲਾ ਦੇ ਪਿੰਡ ਸੈਦੋਵਾਲ ਦੇ ਪਾਲਜੀਤ ਸਿੰਘ ਦੀ ਹੋਣਹਾਰ ਧੀ ਹਰਮਨਦੀਪ 2015 ’ਚ ਵਿਦਿਆਰਥੀ ਵੀਜ਼ੇ ’ਤੇ ਕੈਨੇਡਾ ਆਈ ਸੀ ਤੇ ਫਰਵਰੀ ਦੇ ਪਹਿਲੇ ਹਫ਼ਤੇ ਉਸ ਨੂੰ ਕੈਨੇਡਾ ਦੀ ਪੀ.ਆਰ. ਮਿਲੀ ਸੀ।

Share