ਬ੍ਰਿਟਿਸ਼ ਕੋਰਟ ਨੇ ਵਿਜੇ ਮਾਲਿਆ ਦੀ ਧਨ ਰਿਲੀਜ਼ ਕਰਨ ਦੀ ਅਰਜ਼ੀ ਕੀਤੀ ਨਾਮੰਨਜ਼ੂਰ

397
Share

ਲੰਡਨ, 14 ਜਨਵਰੀ (ਪੰਜਾਬ ਮੇਲ)- ਭਗੌੜੇ ਭਾਰਤੀ ਸ਼ਰਾਬ ਕਾਰੋਬਾਰੀ ਵਿਜੇ ਮਾਲਿਆ ਦੀ ਜਬਤ ਸੰਪੱਤੀ ਵਿੱਚੋਂ ਕੁਝ ਧੰਨ ਦਿਵਾਏ ਜਾਣ ਦੀ ਅਰਜ਼ੀ ਬ੍ਰਿਟਿਸ਼ ਕੋਰਟ ਨੇ ਨਾਮੰਨਜ਼ੂਰ ਕਰ ਦਿੱਤੀ ਹੈ। ਮਾਲਿਆ ਨੇ ਇਹ ਧਨਰਾਸ਼ੀ ਆਪਣਾ ਕਾਨੂੰਨੀ ਪੱਖ ਰੱਖ ਰਹੇ ਵਕੀਲਾਂ ਨੂੰ ਭੁਗਤਾਨ ਕਰਨ ਲਈ ਮੰਗੀ ਸੀ। ਮਾਲਿਆ ਭਾਰਤੀ ਬੈਂਕਾਂ ਦੇ 9 ਹਜ਼ਾਰ ਕਰੋੜ ਰੁਪਏ ਚੁਕਾਏ ਬਗ਼ੈਰ ਲੰਡਨ ਭੱਜਿਆ ਹੋਇਆ ਹੈ। ਸਟੇ ਬੈਂਕ ਦੀ ਅਗਵਾਈ ਵਾਲੇ ਕੰਸੋਰਟੀਅਮ ਨੇ ਉਸ ਦੀ ਭਾਰਤ ਹਵਾਲਗੀ ਲਈ ਬ੍ਰਿਟਿਸ਼ ਕੋਰਟ ਵਿੱਚ ਅਰਜ਼ੀ ਦਿੱਤੀ ਹੋਈ ਹੈ। ਲੰਡਨ ਹਾਈਕੋਰਟ ਦੇ ਅਧੀਨ ਵਾਲੀ ਇੰਸੌਲਵੈਂਸੀ ਐਂਡ ਕੰਪਨੀਜ਼ ਕੋਰਟ ਨੇ ਸੁਣਵਾਈ ਬਾਅਦ ਮਾਲਿਆ ਦੀ ਅਰਜ਼ੀ ਨਾਮਨਜ਼ੂਰ ਕੀਤੀ। ਅਰਜ਼ੀ ਵਿੱਚ 28 ਲੱਖ ਪਾਊਂਡ (27.73 ਕਰੋੜ ਰੁਪਏ) ਦੀ ਰਾਸ਼ੀ ਜਾਰੀ ਕਰਨ ਦੀ ਮੰਗ ਕੀਤੀ ਗਈ ਸੀ। ਅਰਜ਼ੀ ਦੇ ਸਮਰਥਨ ਵਿੱਚ ਮਾਲਿਆ ਦੇ ਵਕੀਲ ਫਿਲਿਪ ਮਾਰਸ਼ਲ ਨੇ ਕਿਹਾ ਕਿ ਉਨ੍ਹਾਂ ਦੇ ਮੁਵੱਕਿਲ ਨੂੰ ਧੰਨ ਦੀ ਸਖ਼ਤ ਲੋੜ ਹੈ। ਕਾਨੂੰਨੀ ਲੜਾਈ ਵਿੱਚ ਆਪਣਾ ਪੱਖ ਰੱਖਣ ਲਈ ਉਹ ਇਹ ਧਨ ਰਾਸ਼ੀ ਹਾਸਲ ਕਰਨਾ ਚਾਹੁੰਦੇ ਸਨ। ਬ੍ਰਿਟੇਨ ਵਿੱਚ ਮਾਲਿਆ ਦੀ ਸੰਪੱਤੀ ਕੋਰਟ ਦੇ ਹੁਕਮ ’ਤੇ ਜ਼ਬਤ ਕਰ ਲਈ ਗਈ ਹੈ। ਜੱਜ ਸੇਬੇਸਟੀਅਨ ਪ੍ਰੈਂਟਿਸ ਨੇ ਵੀਡੀਓ ਕਾਨਫਰੰਸਿੰਗ ਰਾਹੀਂ ਹੋਈ ਸੁਣਵਾਈ ’ਚ ਇਹ ਫ਼ੈਸਲਾ ਦਿੱਤਾ। ਬੈਂਚ ਨੇ ਮਾਲਿਆ ਦੀ ਸੰਪੱਤੀ ਬਾਰੇ ਵਿਸਥਾਰਪੂਰਵਕ ਰਿਪੋਰਟ ਸੌੇਂਪਣ ਦਾ ਵੀ ਨਿਰਦੇਸ਼ ਦਿੱਤਾ। ਇਸ ਵਿੱਚ ਉਸ ਦੇ ਗਹਿਣਿਆਂ ਤੇ ਮਹਿੰਗੀਆਂ ਲਗਜ਼ਰੀ ਕਾਰਾਂ ਦੀ ਵੀ ਜਾਣਕਾਰੀ ਹੋਵੇ। ਇਹ ਜਾਣਕਾਰੀ 22 ਜਨਵਰੀ ਦੀ ਸੁਣਵਾਈ ਵਿੱਚ ਪੇਸ਼ ਕਰਨ ਲਈ ਕਿਹਾ ਗਿਆ ਹੈ।

Share