ਬ੍ਰਾਜ਼ੀਲ ‘ਚ ਦੋ ਦਵਾਈਆਂ ਦੇ ਮਿਸ਼ਰਨ ਨਾਲ ਵਿਅਕਤੀ ਨੂੰ ਐੱਚ.ਆਈ.ਵੀ. ਤੋਂ ਮਿਲਿਆ ਛੁਟਕਾਰਾ!

673
illustration of red ribbon isolated on white background
Share

* ਸਿਰਫ ਦਵਾਈਆਂ ਨਾਲ ਐੱਚ.ਆਈ.ਵੀ. ਤੋਂ ਮੁਕਤੀ ਦਾ ਪਹਿਲਾ ਮਾਮਲਾ
* ਇਲਾਜ ਦੇ ਇਕ ਸਾਲ ਬਾਅਦ ਮਰੀਜ਼ ਦੀ ਰਿਪੋਰਟ ਆਈ ਨੈਗੇਟਿਵ
ਸਾਓ ਪਾਉਲੋ, 10 ਜੁਲਾਈ (ਪੰਜਾਬ ਮੇਲ)- ਬ੍ਰਾਜ਼ੀਲ ਦਾ ਇਕ ਵਿਅਕਤੀ ਏਡਜ਼ ਦੇ ਵਾਇਰਸ ਤੋਂ ਮੁਕਤ ਹੋ ਗਿਆ ਹੈ। ਇਹ ਦਾਅਵਾ ਸਾਓ ਪਾਉਲੋ ਦੀ ਫੈਡਰਲ ਯੂਨੀਵਰਸਿਟੀ ਦੇ ਖੋਜਕਰਤਾਵਾਂ ਵੱਲੋਂ ਕੀਤਾ ਗਿਆ ਹੈ। ਖੋਜਕਰਤਾਵਾਂ ਅਨੁਸਾਰ ਕਈ ਐਂਟੀ-ਰੀਟ੍ਰੋਵਾਇਰਲ ਦਵਾਈਆਂ ਅਤੇ ਨਿਕੋਟਿਨਾਮਾਈਡ ਦਵਾਈਆਂ ਦਾ ਮਿਸ਼ਰਣ ਐੱਚ.ਆਈ.ਵੀ. ਪੀੜਤ ਨੂੰ ਦਿੱਤਾ ਗਿਆ ਸੀ। ਉਨ੍ਹਾਂ ਦਾ ਦਾਅਵਾ ਹੈ ਕਿ ਮਰੀਜ਼ ਵਾਇਰਸ ਮੁਕਤ ਹੋ ਗਿਆ ਹੈ। ਖੋਜਕਰਤਾਵਾਂ ਨੇ ਮਰੀਜ਼ ਦਾ ਨਾਂ ਨਹੀਂ ਦੱਸਿਆ।
ਇਸ ਗੱਲ ਦਾ ਖੁਲਾਸਾ ਖੋਜਕਰਤਾਵਾਂ ਨੇ ਹਾਲ ਹੀ ਵਿਚ ਆਨਲਾਈਨ ਹੋਈ ਏਡਜ਼ 2020 ਕਾਨਫਰੰਸ ਵਿਚ ਕੀਤਾ। ਖੋਜਕਰਤਾ ਡਾ. ਰਿਕਾਰਡੋ ਡਿਆਜ਼ ਅਨੁਸਾਰ ਬ੍ਰਾਜ਼ੀਲ ਦੇ ਇਕ ਵਿਅਕਤੀ ਨੂੰ ਅਕਤੂਬਰ 2012 ਵਿਚ ਐੱਚ.ਆਈ.ਵੀ. ਹੋਣ ਦੀ ਜਾਣਕਾਰੀ ਮਿਲੀ ਸੀ। ਟਰਾਇਲ ਵਿਚ ਮਰੀਜ਼ ਨੇ ਏਡਜ਼ ਦੇ ਇਲਾਜ ਦੌਰਾਨ ਲਈਆਂ ਜਾਂਦੀਆਂ ਦਵਾਈਆਂ ਬੰਦ ਕਰ ਦਿੱਤੀਆਂ। ਰਿਸਰਚ ਦੌਰਾਨ ਮਰੀਜ਼ ਨੂੰ ਲੰਬੇ ਸਮੇਂ ਲਈ ਹਰ ਦੋ ਮਹੀਨਿਆਂ ਬਾਅਦ ਐਂਟੀਰੇਟ੍ਰੋਵਾਇਰਲ ਦਵਾਈਆਂ ਅਤੇ ਨਿਕੋਟਿਨਾਮਾਈਡ ਦਵਾਈਆਂ ਦਾ ਸੁਮੇਲ ਦਿੱਤਾ ਗਿਆ।
ਇਕ ਸਾਲ ਬਾਅਦ ਜਦੋਂ ਮਰੀਜ਼ ਦੇ ਖੂਨ ਦੀ ਜਾਂਚ ਕੀਤੀ ਗਈ, ਤਾਂ ਰਿਪੋਰਟ ਨੈਗੇਟਿਵ ਆਈ। ਮਰੀਜ਼ ਦੇ ਸਰੀਰ ਵਿਚ ਵਾਇਰਸ ਨੂੰ ਖ਼ਤਮ ਕਰਨ ਲਈ ਐਂਟੀਬਾਡੀ ਦਾ ਪੱਧਰ ਕੀ ਰਿਹਾ, ਇਹ ਪਤਾ ਨਹੀਂ ਲੱਗ ਸਕਿਆ। ਖੋਜਕਰਤਾਵਾਂ ਅਨੁਸਾਰ ਦਵਾਈਆਂ ਦੇ ਮਿਸ਼ਰਨ ਨੇ ਵਧੀਆ ਕੰਮ ਕੀਤਾ।
ਰਿਕਵਰੀ ਤੋਂ ਬਾਅਦ ਮਰੀਜ਼ ਨੇ ਕਿਹਾ ਕਿ ਮੈਨੂੰ ਦੂਜੀ ਜ਼ਿੰਦਗੀ ਮਿਲੀ ਹੈ। ਮੈਂ ਵਾਇਰਸ ਤੋਂ ਮੁਕਤ ਹੋ ਗਿਆ ਹਾਂ। ਐੱਚ.ਆਈ.ਵੀ. ਪੀੜਤ ਲੱਖਾਂ ਅਜਿਹਾ ਚਾਹੁੰਦੇ ਹਨ। ਇਹ ਜ਼ਿੰਦਗੀ ਇਕ ਤੋਹਫ਼ੇ ਵਰਗੀ ਹੈ। ਜੇ ਇਸ ਮਾਮਲੇ ਦੀ ਪੁਸ਼ਟੀ ਹੁੰਦੀ ਹੈ, ਤਾਂ ਇਹ ਏਡਜ਼ ਦਾ ਪਹਿਲਾ ਮਾਮਲਾ ਹੋਵੇਗਾ, ਜਿੱਥੇ ਬਿਨਾਂ ਸਟੈਮ ਸੈੱਲ ਟਰਾਂਸਪਲਾਂਟ ਦੇ ਐੱਚ.ਆਈ.ਵੀ. ਨੂੰ ਸਰੀਰ ਵਿਚੋਂ ਬਾਹਰ ਕੱਢ ਦਿੱਤਾ ਗਿਆ। ਲੰਡਨ ਦੇ ਇਕ ਵਿਅਕਤੀ ਨੂੰ ਸਟੈਮ ਸੈੱਲ ਟਰਾਂਸਪਲਾਂਟ ਨਾਲ ਇਸ ਵਾਇਰਸ ਤੋਂ ਮੁਕਤ ਕੀਤਾ ਗਿਆ ਸੀ।
ਖੋਜਕਰਤਾ ਐਡਮ ਕਾਸਟਿਲਜਾ ਅਨੁਸਾਰ, ਮਰੀਜ਼ ਜੀਵਤ ਹੈ ਅਤੇ ਵਾਇਰਸ ਮੁਕਤ ਹੈ, ਜੋ ਸਾਬਤ ਕਰਦਾ ਹੈ ਕਿ ਏਡਜ਼ ਦਾ ਇਲਾਜ ਕੀਤਾ ਜਾ ਸਕਦਾ ਹੈ। ਫਿਲਹਾਲ ਮਾਹਿਰ ਇਸ ਮਾਮਲੇ ‘ਤੇ ਲਗਾਤਾਰ ਨਜ਼ਰ ਰੱਖ ਰਹੇ ਹਨ ਕਿ ਬ੍ਰਾਜ਼ੀਲ ਦੇ ਉਕਤ ਮਰੀਜ਼ ਵਿਚ ਦੁਬਾਰਾ ਵਾਇਰਸ ਮਿਲਣ ਦਾ ਖਤਰਾ ਹੈ ਜਾਂ ਨਹੀਂ। ਇਹ ਭਵਿੱਖ ਵਿਚ ਹੋਣ ਵਾਲੀ ਜਾਂਚ ਵਿਚ ਸਾਹਮਣੇ ਆਵੇਗਾ।
ਖੋਜਕਰਤਾਵਾਂ ਅਨੁਸਾਰ ਇਕ ਵਾਰ ਜਦੋਂ ਇਨਸਾਨ ਏਡਜ਼ ਪੀੜਤ ਹੋ ਜਾਂਦਾ ਹੈ ਤਾਂ ਇਸ ਦੇ ਵਾਇਰਸ ਐੱਚ.ਆਈ.ਵੀ. ਨੂੰ ਬਾਹਰ ਕੱਢਣਾ ਜਾਂ ਮਾਰਨਾ ਮੁਸ਼ਕਲ ਹੋ ਜਾਂਦਾ ਹੈ ਕਿਉਂਕਿ ਇਹ ਖੂਨ ਦੇ ਸੈੱਲਾਂ ਵਿਚ ਘਰ ਬਣਾ ਲੈਂਦੇ ਹਨ। ਇਹ ਲੰਬੇ ਸਮੇਂ ਤੱਕ ਰਹਿੰਦੇ ਹਨ ਅਤੇ ਦਵਾਈਆਂ ਨਾਲ ਆਪਣੀ ਜਗ੍ਹਾ ਨਹੀਂ ਛੱਡਦੇ। ਦਵਾਈਆਂ ਨਾਲ ਸਿਰਫ ਸੰਕਰਮਣ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ।
ਜੇ ਮਰੀਜ਼ ਨੇ ਦਵਾਈਆਂ ਇਕ ਵਾਰ ਬੰਦ ਕਰ ਦਿੱਤੀਆਂ ਤਾਂ ਵਾਇਰਸ ਖੁਦ ਨੂੰ ਐਕਟੀਵੇਟ ਕਰਦਾ ਹੈ ਅਤੇ ਬੀਮਾਰੀ ਦੁਬਾਰਾ ਆਪਣਾ ਅਸਰ ਦਿਖਾਉਣਾ ਸ਼ੁਰੂ ਕਰ ਦਿੰਦੀ ਹੈ। ਐਡਵਾਂਸਡ ਦਵਾਈਆਂ ਨਾਲ ਮਰੀਜ਼ ਇਕ ਸਾਧਾਰਨ ਜ਼ਿੰਦਗੀ ਜਿਊ ਸਕਦਾ ਹੈ।


Share