ਬੋਲਟਨ ਦੇ ਖ਼ੁਲਾਸਿਆਂ ਕਾਰਨ ਟਰੰਪ ਦੇ ਦੁਬਾਰਾ ਰਾਸ਼ਟਰਪਤੀ ਬਣਨ ‘ਤੇ ਲੱਗਾ ਸਵਾਲੀਆ ਨਿਸ਼ਾਨਾ!

752
Share

ਸਿਆਟਲ, 21 ਜੂਨ (ਪੰਜਾਬ ਮੇਲ)-ਅਮਰੀਕਾ ਦੇ ਰਾਸ਼ਟਰਪਤੀ ਦੀ ਨਵੰਬਰ ਵਿਚ ਹੋ ਰਹੀ ਚੋਣ ਨੂੰ ਲੈ ਕੇ ਰੋਜ਼ਾਨਾ ਸਰਗਰਮੀਆਂ ਤੇਜ਼ ਹੁੰਦੀਆਂ ਜਾ ਰਹੀਆਂ ਹਨ ਅਤੇ ਮੌਜੂਦਾ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਮੁਕਾਬਲਾ ਸਖ਼ਤ ਹੁੰਦਾ ਜਾ ਰਿਹਾ ਹੈ। ਨਾਲ-ਨਾਲ ਉਨ੍ਹਾਂ ਲਈ ਨਿੱਤ ਨਵੀਆਂ ਪ੍ਰੇਸ਼ਾਨੀਆਂ ਵੀ ਖੜ੍ਹੀਆਂ ਹੋ ਰਹੀਆਂ ਹਨ। ਰਾਸ਼ਟਰਪਤੀ ਡੋਨਾਲਡ ਟਰੰਪ ਦੇ ਸਾਬਕਾ ਸੁਰੱਖਿਆ ਸਲਾਹਕਾਰ ਅਤੇ ਟਰੰਪ ਦੇ ਖ਼ਾਸਮ-ਖ਼ਾਸ ਰਹੇ ਜਾਨ ਬੋਲਟਨ ਨੇ ਆਪਣੀ ਕਿਤਾਬ ਵਿਚ ਐਸੇ-ਐਸੇ ਖ਼ੁਲਾਸੇ ਕੀਤੇ ਹਨ, ਜਿਸ ਨਾਲ ਟਰੰਪ ਦੇ ਦੁਬਾਰਾ ਰਾਸ਼ਟਰਪਤੀ ਬਣਨ ‘ਤੇ ਸਵਾਲੀਆ ਨਿਸ਼ਾਨ ਲੱਗਦੇ ਨਜ਼ਰ ਆ ਰਹੇ ਹਨ। ਬੋਲਟਨ ਨੇ ਆਪਣੀ ਕਿਤਾਬ ਵਿਚ ਰਾਸ਼ਟਰਪਤੀ ਟਰੰਪ ਨੂੰ ਇਸ ਅਹੁਦੇ ਲਈ ਹੀ ਅਯੋਗ ਕਰਾਰ ਦੇ ਦਿੱਤਾ। ਬੋਲਟਨ ਨੇ ਕਿਹਾ ਕਿ ਟਰੰਪ ਦੇ ਜਾਰੀ ਕਈ ਹੁਕਮ, ਜਿਨ੍ਹਾਂ ‘ਚ ਪ੍ਰਵਾਸੀਆਂ ਨੂੰ ਦੇਸ਼ ਨਿਕਾਲਾ ਦੇਣ ਦੇ ਹੁਕਮ ਅਤੇ ਇਮੀਗ੍ਰੇਸ਼ਨ ਦੇ ਕੀਤੇ ਕਈ ਹੋਰ ਫ਼ੈਸਲਿਆਂ ਨਾਲ ਵੀ ਟਰੰਪ ਦੇ ਸਮਰਥਕਾਂ ਦੀ ਗਿਣਤੀ ‘ਚ ਵੱਡੀ ਗਿਰਾਵਟ ਆਈ ਹੈ ਪਰ ਰਿਪਬਲਿਕਨ ਪਾਰਟੀ ਦਾ ਇਕ ਵੱਡਾ ਸਮੂਹ ਟਰੰਪ ਦੇ ਹੱਕ ‘ਚ ਚਟਾਨ ਵਾਂਗ ਖੜ੍ਹਾ ਹੈ। ਅਮਰੀਕਾ ‘ਚ ਪਹਿਲਾਂ ਕੋਰੋਨਾਵਾਇਰਸ ਦਾ ਪ੍ਰਕੋਪ ਅਤੇ ਹੁਣ ਹੋਏ ਦੇਸ਼ ਵਿਆਪੀ ਨਸਲਵਾਦ ਵਿਰੋਧੀ ਪ੍ਰਦਰਸ਼ਨਾਂ ਕਾਰਨ ਰਾਸ਼ਟਰਪਤੀ ਟਰੰਪ ਨੂੰ ਕਾਫ਼ੀ ਸਿਆਸੀ ਨੁਕਸਾਨ ਹੋਇਆ ਹੈ ਤੇ ਟਰੰਪ ਦੀ ਚੋਣ ਮੁਹਿੰਮ ਨੂੰ ਵੱਡੀ ਸੱਟ ਵੱਜੀ ਹੈ। ਅਮਰੀਕੀ ਸੁਪਰੀਮ ਕੋਰਟ ਨੇ ਟਰੰਪ ਪ੍ਰਸ਼ਾਸਨ ਦੇ ‘ਸੁਪਨੇ ਲੈਣ ਵਾਲੇ’ ਦੇ ਤੌਰ ‘ਤੇ ਸ਼੍ਰੇਣੀਬੱਧ ਹਜ਼ਾਰਾਂ ਪ੍ਰਵਾਸੀਆਂ ਦੀ ਸੁਰੱਖਿਆ ਹਟਾਉਣ ਦੀ ਬੋਲੀ ਵਿਰੁੱਧ ਦਿੱਤੇ ਫ਼ੈਸਲੇ ਨਾਲ ਵੀ ਇਕ ਵੱਡੀ ਸੱਟ ਵੱਜੀ ਹੈ। ਉਨ੍ਹਾਂ ਬੋਲਟਨ ‘ਤੇ ਵਰ੍ਹਦਿਆਂ ਕਿਹਾ ਕਿ ਇਹ ਦਿਮਾਗ਼ੀ ਤੌਰ ‘ਤੇ ਬਿਮਾਰ ਕਿਸਮ ਦਾ ਵਿਅਕਤੀ ਹੈ ਅਤੇ ਉਸ ਦੀ ਕਿਤਾਬ ਨੂੰ ਇਕ ਕਲਪਨਾ ਵਜੋਂ ਖਾਰਜ ਕਰ ਦਿੱਤਾ। ਟਰੰਪ ਨੇ ਆਪਣੀਆਂ ਚੋਣ ਰੈਲੀਆਂ ਦੀ ਸ਼ੁਰੂਆਤ ਕਰ ਦਿੱਤੀ। ਦੂਜੇ ਪਾਸੇ ਡੈਮੋਕਰੇਟ ਪਾਰਟੀ ਦੇ ਉਮੀਦਵਾਰ ਤੇ ਅਮਰੀਕਾ ਦੇ ਸਾਬਕਾ ਉੱਪ-ਰਾਸ਼ਟਰਪਤੀ ਜੋਅ ਬਿਡੇਨ ਬੜੇ ਸੁਚੱਜੇ ਢੰਗ ਨਾਲ ਆਪਣੀ ਚੋਣ ਮੁਹਿੰਮ ਚਲਾ ਰਹੇ ਹਨ ਤੇ ਤਕਰੀਬਨ ਹਰ ਫਿਰਕੇ ਦੇ ਲੋਕਾਂ ਦਾ ਸਮਰਥਨ ਲੈਣ ਵਿਚ ਲੱਗੇ ਹੋਏ ਹਨ। ਜੋਅ ਬਿਡੇਨ ਨਸਲੀ ਫ਼ਿਰਕਾਵਾਦ ਖ਼ਿਲਾਫ਼ ਬੋਲਦੇ ਆ ਰਹੇ ਹਨ ਤੇ ਇਸ ਵੇਲੇ ਡੈਮੋਕ੍ਰੇਟ ਪਾਰਟੀ ਦੇ ਵੱਡੇ ਆਗੂ ਬਿਡੇਨ ਨੂੰ ਕਾਮਯਾਬ ਬਣਾਉਣ ਲਈ ਦਿਨ-ਰਾਤ ਕੰਮ ਕਰ ਰਹੇ ਹਨ। ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਬਰਾਕ ਉਬਾਮਾ ਨੇ ਵੀ ਬਿਡੇਨ ਦੇ ਹੱਕ ‘ਚ ਰੈਲੀਆਂ ਦਾ ਪ੍ਰੋਗਰਾਮ ਬਣਾਇਆ ਹੈ। ਮੁਕਾਬਲਾ ਡੋਨਾਲਡ ਟਰੰਪ ਤੇ ਜੋਏ ਬਿਡੇਨ ਦਾ ਬੜਾ ਹੀ ਕਾਂਟੇ ਦਾ ਬਣਦਾ ਜਾ ਰਿਹਾ ਹੈ।


Share