ਬੋਲਟਨ ਦਾ ਦਾਅਵਾ; ਟਰੰਪ ਨੇ ਰਾਸ਼ਟਰਪਤੀ ਚੋਣ ਮੁੜ ਜਿੱਤਣ ਲਈ ਚੀਨ ਦੇ ਪ੍ਰਧਾਨ ਮੰਤਰੀ ਤੋਂ ਮੰਗੀ ਸੀ ਸਹਾਇਤਾ

652
Share

ਵਾਸ਼ਿੰਗਟਨ, 21 ਜੂਨ (ਪੰਜਾਬ ਮੇਲ)- ਅਮਰੀਕਾ ਦੇ ਸਾਬਕਾ ਕੌਮੀ ਸੁਰੱਖਿਆ ਸਲਾਹਕਾਰ ਜੌਹਨ ਬੋਲਟਨ ਨੇ ਆਪਣੀ ਨਵੀਂ ਕਿਤਾਬ ‘ਚ ਦਾਅਵਾ ਕੀਤਾ ਹੈ ਕਿ ਰਾਸ਼ਟਰਪਤੀ ਡੋਨਲਡ ਟਰੰਪ ਨੇ 2020 ‘ਚ ਰਾਸ਼ਟਰਪਤੀ ਅਹੁਦੇ ਦੀ ਚੋਣ ਮੁੜ ਜਿੱਤਣ ਲਈ ਆਪਣੇ ਚੀਨੀ ਹਮਰੁਤਬਾ ਸ਼ੀ ਜਿਨਪਿੰਗ ਤੋਂ ਸਹਾਇਤਾ ਮੰਗੀ ਸੀ। ਟਰੰਪ ਨੇ ਜਿਨਪਿੰਗ ਨੂੰ ਇਹ ਅਪੀਲ ਪਿਛਲੇ ਸਾਲ ਜਪਾਨ ‘ਚ ਹੋਏ ਜੀ-20 ਸਿਖਰ ਸੰਮੇਲਨ ਦੌਰਾਨ ਕੀਤੀ ਸੀ। ਵ੍ਹਾਈਟ ਹਾਊਸ ਨੇ ਕਿਹਾ ਹੈ ਕਿ ਬੋਲਟਨ ਦੀ ਨਵੀਂ ਕਿਤਾਬ ‘ਚ ‘ਖੁਫ਼ੀਆ ਸੂਚਨਾਵਾਂ’ ਹਨ ਅਤੇ ਨਿਆਂ ਵਿਭਾਗ ਨੇ ਇਸ ਕਿਤਾਬ ਦੀ ਘੁੰਡ ਚੁਕਾਈ ‘ਤੇ ਰੋਕ ਲਗਾਉਣ ਦੀ ਮੰਗ ਕੀਤੀ ਹੈ। ਬੋਲਟਨ ਦੀ ਕਿਤਾਬ ‘ਦਿ ਰੂਮ ਵ੍ਹੇਅਰ ਇਟ ਹੈਪਨਡ: ਏ ਵ੍ਹਾਈਟ ਹਾਊਸ ਮੈਮਾਇਰ’ ਦੇ ਕੁਝ ਅੰਸ਼ ‘ਦਿ ਨਿਊਯਾਰਕ ਟਾਈਮਜ਼’, ‘ਦਿ ਵਾਸ਼ਿੰਗਟਨ ਪੋਸਟ’ ਅਤੇ ‘ਦਿ ਵਾਲ ਸਟਰੀਟ ਜਰਨਲ’ ਵੱਲੋਂ ਪ੍ਰਕਾਸ਼ਿਤ ਕੀਤੇ ਗਏ ਹਨ। ਇਹ ਕਿਤਾਬ 23 ਜੂਨ ਤੋਂ ਸਟੋਰਾਂ ‘ਤੇ ਮਿਲਣੀ ਸ਼ੁਰੂ ਹੋ ਜਾਵੇਗੀ। ਟਰੰਪ ਅਤੇ ਬੋਲਟਨ ਵਿਚਕਾਰ ਕੁਝ ਮੁੱਦਿਆਂ ਨੂੰ ਲੈ ਕੇ ਖਿੱਚੋਤਾਣ ਹੋ ਗਈ ਸੀ, ਜਿਸ ਮਗਰੋਂ ਟਰੰਪ ਨੇ ਪਿਛਲੇ ਸਾਲ ਉਸ ਨੂੰ ਅਹੁਦੇ ਤੋਂ ਹਟਾ ਦਿੱਤਾ ਸੀ। ਟਰੰਪ ਨੇ ‘ਦਿ ਵਾਲ ਸਟਰੀਟ ਜਨਰਲ’ ਨੂੰ ਕਿਹਾ ਸੀ ਕਿ ਬੋਲਟਨ ਝੂਠਾ ਹੈ, ਅਤੇ ਵ੍ਹਾਈਟ ਹਾਊਸ ‘ਚ ਹਰ ਕੋਈ ਉਸ ਤੋਂ ਨਫ਼ਰਤ ਕਰਦਾ ਸੀ।


Share