ਬੋਰਿਸ ਜਾਨਸਨ ਵੱਲੋਂ ਭਾਰਤੀ ਜੇਲ੍ਹ ’ਚ ਬੰਦ ਜਗਤਾਰ ਸਿੰਘ ਜੌਹਲ ਦੀ ਨਜ਼ਰਬੰਦੀ ‘ਮਨਮਾਨੀ’ ਕਰਾਰ

116
Share

-ਯੂ.ਕੇ. ਸਰਕਾਰ ਨੂੰ ਇਹ ਗੱਲ ਸਵੀਕਾਰ ਕਰਨ ’ਚ ਲੱਗੇ 5 ਸਾਲ
ਲੰਡਨ, 1 ਜੁਲਾਈ (ਪੰਜਾਬ ਮੇਲ)- ਬ੍ਰਿਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜਾਨਸਨ ਨੇ ਭਾਰਤੀ ਜੇਲ੍ਹ ਵਿਚ ਬੰਦ ਇੱਕ ਬ੍ਰਿਟਿਸ਼-ਸਿੱਖ ਕਾਰਕੁਨ ਦੀ ਨਜ਼ਰਬੰਦੀ ਨੂੰ ‘ਮਨਮਾਨੀ’ ਕਰਾਰ ਦਿੱਤਾ ਹੈ। ਜਗਤਾਰ ਸਿੰਘ ਜੌਹਲ 2017 ਤੋਂ ਭਾਰਤ ਦੀ ਜੇਲ੍ਹ ਵਿਚ ਬੰਦ ਹੈ। ਉਸ ’ਤੇ ਸੱਜੇ ਪੱਖੀ ਹਿੰਦੂ ਨੇਤਾਵਾਂ ਦੀ ਟਾਰਗੇਟ ਕਿਲਿੰਗ ’ਚ ਸ਼ਾਮਲ ਹੋਣ ਦਾ ਦੋਸ਼ ਹੈ। ਬੋਰਿਸ ਜਾਨਸਨ ਨੇ ਪਹਿਲੀ ਵਾਰ ਲੇਬਰ ਨੇਤਾ ਸਰ ਕੀਰ ਸਟਾਰਮਰ ਨੂੰ ਲਿਖੀ ਚਿੱਠੀ ਵਿਚ ਇਸ ਸ਼ਬਦ ਦੀ ਵਰਤੋਂ ਕੀਤੀ। ਜੌਹਲ ਦਾ ਪਰਿਵਾਰ ਇਸ ਨੂੰ ਵੱਡੀ ਕਾਮਯਾਬੀ ਵਜੋਂ ਦੇਖ ਰਿਹਾ ਹੈ।
ਬੀ.ਬੀ.ਸੀ. ਦੀ ਖ਼ਬਰ ਮੁਤਾਬਕ, ਬੋਰਿਸ ਜਾਨਸਨ ਦੇ ਪੱਤਰ ਵਿਚ ਜੌਹਲ ਨੂੰ ਇੱਕ ਬਿ੍ਰਟਿਸ਼ ਨਾਗਰਿਕ ਦੱਸਿਆ ਗਿਆ ਹੈ, ਜੋ ਪਿਛਲੇ ਸਾਢੇ ਚਾਰ ਸਾਲਾਂ ਤੋਂ ਭਾਰਤ ਵਿਚ ‘ਮਨਮਾਨੇ ਢੰਗ ਨਾਲ’ ਹੈ। ਜਾਨਸਨ ਨੇ ਕਿਹਾ ਕਿ ਬਿ੍ਰਟੇਨ ਦੇ ਮੰਤਰੀਆਂ ਅਤੇ ਅਧਿਕਾਰੀਆਂ ਨੇ ਲਗਭਗ 100 ਮੌਕਿਆਂ ’ਤੇ ਜੌਹਲ ਦੇ ਮਾਮਲੇ ਬਾਰੇ ਸਿੱਧੇ ਤੌਰ ’ਤੇ ਭਾਰਤ ਸਰਕਾਰ ਕੋਲ ਚਿੰਤਾ ਜ਼ਾਹਰ ਕੀਤੀ ਹੈ। ਮਈ ਵਿਚ, ਸੰਯੁਕਤ ਰਾਸ਼ਟਰ ਦੇ ਇੱਕ ਸਮੂਹ ਨੇ ਕਿਹਾ ਕਿ ਜੌਹਲ ਦੀ ਨਜ਼ਰਬੰਦੀ ਮਨਮਾਨੀ ਸੀ ਅਤੇ ਉਸਨੂੰ ਤੁਰੰਤ ਰਿਹਾਅ ਕੀਤਾ ਜਾਣਾ ਚਾਹੀਦਾ ਹੈ।
ਹਾਲਾਂਕਿ ਬਿ੍ਰਟਿਸ਼ ਸਰਕਾਰ ਨੇ ਜਨਤਕ ਤੌਰ ’ਤੇ ਜੌਹਲ ਦੀ ਰਿਹਾਈ ਦੀ ਮੰਗ ਨਹੀਂ ਕੀਤੀ ਹੈ। ਜੌਹਲ ਦੇ ਭਰਾ ਅਤੇ ਹਾਲ ਹੀ ਵਿਚ ਚੁਣੇ ਗਏ ਲੇਬਰ ਕੌਂਸਲਰ ਗੁਰਪ੍ਰੀਤ ਸਿੰਘ ਜੌਹਲ ਨੇ ਜਾਨਸਨ ਦੀ ਚਿੱਠੀ ਨੂੰ ਵੱਡੀ ਕਾਮਯਾਬੀ ਦੱਸਿਆ। ਉਸ ਨੇ ਕਿਹਾ ਕਿ ਮੈਂ ਇਹ ਕਦੇ ਨਹੀਂ ਭੁੱਲਾਂਗਾ ਕਿ ਬਿ੍ਰਟਿਸ਼ ਸਰਕਾਰ ਨੂੰ ਇਹ ਮੰਨਣ ਵਿਚ ਲਗਭਗ ਪੰਜ ਸਾਲ ਲੱਗ ਗਏ ਕਿ ਮੇਰੇ ਭਰਾ ਨੂੰ ਮਨਮਾਨੇ ਢੰਗ ਨਾਲ ਨਜ਼ਰਬੰਦ ਕੀਤਾ ਗਿਆ ਸੀ। ਜਾਂ ਉਨ੍ਹਾਂ ਨੇ ਸੰਯੁਕਤ ਰਾਸ਼ਟਰ ਅਤੇ ਵਿਰੋਧੀ ਧਿਰ ਦੇ ਨੇਤਾਵਾਂ ਦੇ ਦਖਲ ਤੋਂ ਬਾਅਦ ਅਜਿਹਾ ਕੀਤਾ। ਖੈਰ ਆਖਰਕਾਰ ਉਨ੍ਹਾਂ ਨੇ ਇਸਨੂੰ ਸਵੀਕਾਰ ਕਰ ਲਿਆ।
ਗੁਰਪ੍ਰੀਤ ਨੇ ਕਿਹਾ ਕਿ ‘ਹੁਣ ਅਗਲਾ ਕਦਮ ਉਸ ਦੀ ਰਿਹਾਈ ਦੀ ਮੰਗ ਕਰਨਾ ਅਤੇ ਉਸ ਨੂੰ ਘਰ ਲਿਆਉਣਾ ਹੈ।’ ਕਾਨੂੰਨੀ ਅਤੇ ਮਨੁੱਖੀ ਅਧਿਕਾਰਾਂ ਦੀ ਚੈਰਿਟੀ ਰੀਪ੍ਰੀਵ (Reprieve) ਜੌਹਲ ਦਾ ਸਮਰਥਨ ਕਰਦੀ ਹੈ। ਡਾਇਰੈਕਟਰ ਮਾਇਆ ਫੋਆ ਨੇ ਕਿਹਾ ਕਿ ਉਹ ‘‘ਬਹੁਤ ਖੁਸ਼’’ ਹੈ ਕਿ ਬੋਰਿਸ ਜਾਨਸਨ ਨੇ ਜੌਹਲ ਦੀ ‘‘ਮਨਮਾਨੀ ਹਿਰਾਸਤ’’ ਨੂੰ ਸਵੀਕਾਰ ਕਰ ਲਿਆ ਹੈ। ਉੱਥੇ ਭਾਰਤ ਸਰਕਾਰ ਨੇ ਜੌਹਲ ’ਤੇ ਤਸ਼ੱਦਦ ਅਤੇ ਦੁਰਵਿਵਹਾਰ ਦੇ ਦੋਸ਼ਾਂ ਨੂੰ ਵਾਰ-ਵਾਰ ਨਕਾਰਦਿਆਂ ਕਿਹਾ ਹੈ ਕਿ ਬਣਦੀ ਕਾਰਵਾਈ ਕੀਤੀ ਗਈ ਹੈ।
ਆਪਣੀ ਚਿੱਠੀ ਵਿਚ ਜਾਨਸਨ ਨੇ ਕਿਹਾ ਕਿ ਉਨ੍ਹਾਂ ਨੇ ਇਸ ਬਾਰੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਵੀ ਨਿੱਜੀ ਤੌਰ ’ਤੇ ਗੱਲ ਕੀਤੀ ਹੈ। ਜਗਤਾਰ ਸਿੰਘ ਜੌਹਲ ਉਰਫ ਜੱਗੀ ਜੌਹਲ ਨੂੰ ਪੰਜਾਬ ਪੁਲਿਸ ਨੇ 4 ਨਵੰਬਰ 2017 ਨੂੰ ਜਲੰਧਰ ਤੋਂ ਗਿ੍ਰਫ਼ਤਾਰ ਕੀਤਾ ਸੀ। ਉਸ ’ਤੇ ਆਰ.ਐੱਸ.ਐੱਸ. ਆਗੂ ਬਿ੍ਰਗੇਡੀਅਰ (ਸੇਵਾਮੁਕਤ) ਜਗਦੀਸ਼ ਗਗਨੇਜਾ ਸਮੇਤ ਕਈ ਆਗੂਆਂ ਦੀ ਟਾਰਗੇਟ ਕਿਲਿੰਗ ਵਿਚ ਸ਼ਾਮਲ ਹੋਣ ਦਾ ਦੋਸ਼ ਸੀ। ਫਿਲਹਾਲ ਉਹ ਦਿੱਲੀ ਦੀ ਤਿਹਾੜ ਜੇਲ ’ਚ ਬੰਦ ਹੈ ਅਤੇ ਉਸ ’ਤੇ ਕਿਸੇ ਵੀ ਦੋਸ਼ ’ਚ ਮੁਕੱਦਮਾ ਨਹੀਂ ਚਲਾਇਆ ਗਿਆ ਹੈ। ਕੌਮੀ ਜਾਂਚ ਏਜੰਸੀ (ਐੱਨ.ਆਈ.ਏ.) ਜੌਹਲ ਖ਼ਿਲਾਫ਼ ਅੱਠ ਮਾਮਲਿਆਂ ਦੀ ਜਾਂਚ ਕਰ ਰਹੀ ਹੈ।

Share