ਬੇਰੁਜ਼ਗਾਰ ਬੀ ਐੱਡ ਟੈੱਟ ਪਾਸ ਕੁੜੀਆਂ ਨੇ ਮਨਾਇਆ ਸੰਘਰਸ਼ੀ ਕਰਵਾ ਚੌਥ: ਕੁੜੀਆਂ ਨੇ ਲਗਾਈ ਸੰਘਰਸ਼ੀ ਮਹਿੰਦੀ

316
Share

“ਮੁਨੀਸ਼ ਫਾਜ਼ਿਲਕਾ ਜ਼ਿੰਦਾਬਾਦ” ਦੇ ਨਾਅਰਿਆਂ ਨਾਲ ਗੂੰਜਿਆ ਸੰਗਰੂਰ
ਸੰਗਰੂਰ, 25 ਅਕਤੂਬਰ (ਦਲਜੀਤ ਕੌਰ ਭਵਾਨੀਗੜ੍ਹ/ਪੰਜਾਬ ਮੇਲ)- ਸਿਵਲ ਹਸਪਤਾਲ ਦੀ ਪਾਣੀ ਵਾਲੀ ਟੈਂਕੀ ਉੱਤੇ ਰੁਜ਼ਗਾਰ ਪ੍ਰਾਪਤੀ ਲਈ ਸੰਗਰੂਰ ’ਚ 64 ਦਿਨਾਂ ਤੋਂ ਟੈਂਕੀ ’ਤੇ ਚੜ੍ਹੇ ਬੇਰੁਜ਼ਗਾਰ ਅਧਿਆਪਕ ਮੁਨੀਸ਼ ਫਾਜ਼ਿਲਕਾ ਨੂੰ ਹੌਂਸਲਾ ਦੇਣ ਅਤੇ ਬੇਰੁਜ਼ਗਾਰਾਂ ਦੇ ਸੰਘਰਸ਼ ਨੂੰ ਉਭਾਰਨ ਲਈ ਅੱਜ ਕਰਵਾ ਚੌਥ ਦੇ ਮੌਕੇ ਬੇਰੁਜ਼ਗਾਰ ਲੜਕੀਆਂ ਨੇ ਸੰਘਰਸ਼ੀ ਮਹਿੰਦੀ ਲਗਾ ਕੇ ਅਨੋਖੇ ਢੰਗ ਨਾਲ ਕਰਵਾ ਚੌਥ ਦਾ ਤਿਉਹਾਰ ਮਨਾਇਆ।
ਟੈੱਟ ਪਾਸ ਬੇਰੁਜ਼ਗਾਰ ਬੀ ਐਡ ਅਧਿਆਪਕ ਯੂਨੀਅਨ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਢਿੱਲਵਾਂ ਨੇ ਦੱਸਿਆ ਕਿ ਸਮਾਜਿਕ ਸਿੱਖਿਆ, ਹਿੰਦੀ ਅਤੇ ਪੰਜਾਬੀ ਦੀਆਂ 9000 ਅਸਾਮੀਆਂ ਸਮੇਤ ਕੁੱਲ 18000 ਅਸਾਮੀਆਂ ਦੀ ਮੰਗ ਲਈ 21 ਅਗਸਤ ਤੋ ਮੁਨੀਸ਼ ਪਾਣੀ ਵਾਲੀ ਟੈਂਕੀ ਉੱਤੇ ਬੈਠਾ ਹੋਇਆ ਹੈ, ਜਿਸਦੀ ਸਿਹਤ ਦਿਨੋ-ਦਿਨ ਵਿਗੜਦੀ ਜਾ ਰਹੀ ਹੈ, ਪ੍ਰੰਤੂ ਕਾਂਗਰਸ ਸਰਕਾਰ ਘਰ-ਘਰ ਰੁਜ਼ਗਾਰ ਦੇ ਵਾਅਦੇ ਤੋ ਭੱਜ ਕੇ ਚੁੱਪ ਵੱਟੀ ਬੈਠੀ ਹੈ।
ਉਨ੍ਹਾਂ ਕਿਹਾ ਕਿ ਬੇਰੁਜ਼ਗਾਰਾਂ ਵੱਲੋ ਪਿਛਲੇ ਕਰੀਬ 3 ਸਾਲ ਤੋ ਹਰੇਕ ਤਿਉਹਾਰ ਸੰਘਰਸ਼ੀ ਪਿੜਾਂ ਵਿੱਚ ਮਨਾਇਆ ਜਾ ਰਿਹਾ ਹੈ। ਇਸੇ ਤਹਿਤ ਹੀ ਬੇਰੁਜ਼ਗਾਰ ਮਹਿਲਾ ਅਧਿਆਪਕਾਵਾਂ ਵੱਲੋ “ਮੁਨੀਸ਼ ਫਾਜਲਿਕਾ ਜ਼ਿੰਦਾਬਾਦ! ਸਮਾਜਿਕ ਸਿੱਖਿਆ, ਹਿੰਦੀ ਅਤੇ ਪੰਜਾਬੀ ਦੀਆਂ ਪੋਸਟਾਂ ਜਾਰੀ ਕਰੋ।” ਦੇ ਨਾਹਰੇ ਮਹਿੰਦੀ ਨਾਲ ਆਪਣੀਆਂ ਹਥੇਲੀਆਂ ਉੱਤੇ ਲਿਖੇ।
ਉਹਨਾਂ ਮੰਗ ਕੀਤੀ ਕਿ ਬੇਰੁਜ਼ਗਾਰਾਂ ਦਾ ਮਸਲਾ ਹੱਲ ਕਰਕੇ ਜਲਦੀ ਤੋ ਜਲਦੀ ਮੁਨੀਸ਼ ਨੂੰ ਹੇਠਾਂ ਉਤਾਰਿਆ ਜਾਵੇ। ਅਜਿਹਾ ਨਾ ਹੋਣ ਦੀ ਸੂਰਤ ਵਿੱਚ ਆਉਂਦਾ ਹਰੇਕ ਤਿਉਹਾਰ ਸਰਕਾਰ ਦੇ ਦਰਾਂ ਉੱਤੇ ਹੀ ਮਨਾਇਆ ਜਾਵੇਗਾ।
ਜ਼ਿਕਰਯੋਗ ਹੈ ਕਿ ਰਾਤ ਵਰ੍ਹਦੇ ਮੀਂਹ ਵਿੱਚ ਵੀ ਮੁਨੀਸ਼ ਨੇ ਅਤੀ ਮੁਸ਼ਕਲ ਨਾਲ ਰਾਤ ਲੰਘਾਈ ਹੈ। ਕੁੱਝ ਰਾਜਨੀਤਕ ਪਾਰਟੀਆਂ ਦੇ ਆਗੂ ਵੀ ਮੁਨੀਸ਼ ਦੀ ਸਾਰ ਲੈਣ ਲਈ ਪਹੁੰਚ ਰਹੇ ਹਨ। ਆਪ ਆਗੂ ਅਤੇ ਲੋਕ ਗਾਇਕ ਬਲਕਾਰ ਸਿੱਧੂ ਨੇ ਵੀ ਬੇਰੁਜ਼ਗਾਰਾਂ ਦੇ ਸੰਘਰਸ਼ ਅਤੇ ਮੁਨੀਸ਼ ਦੀ ਹਮਾਇਤ ਕੀਤੀ ਹੈ।
ਇਸ ਮੌਕੇ ਗਗਨਦੀਪ ਕੌਰ, ਦਵਿੰਦਰ ਸਿੰਘ, ਸੁਨੀਲ ਕੁਮਾਰ, ਗੁਰਪ੍ਰੀਤ ਕੌਰ, ਸ਼ਮਿੰਦਰ ਪਾਲ, ਵਿਪਨ ਕੁਮਾਰ, ਹਰਪ੍ਰੀਤ ਸਿੰਘ, ਦਵਿੰਦਰ ਭੁੱਲਰ, ਸੁਖਬੀਰ ਸਿੰਘ, ਸੰਦੀਪ ਸਿੰਘ ਅਤੇ ਅਮਿਤ ਕੁਮਾਰ ਆਦਿ ਹਾਜ਼ਰ ਸਨ।


Share