ਬੇਮੌਸਮੇ ਮੀਂਹ : ਮੰਡੀਆਂ ‘ਚ ਘਬਰਾਏ ਪੰਜਾਬ ਦੇ ਕਿਸਾਨ

739
Share

ਟੱਲੇਵਾਲ, 21 ਅਪ੍ਰੈਲ (ਪੰਜਾਬ ਮੇਲ)- ਕਰੋਨਾ ਵਾਇਰਸ ਦੇ ਡਰ ਦੌਰਾਨ ਸ਼ਰਤਾਂ ਦੇ ਆਧਾਰ ’ਤੇ ਕਿਸਾਨਾਂ ਵੱਲੋਂ ਕਣਕ ਦੀ ਵਾਢੀ ਸ਼ੁਰੂ ਕੀਤੀ ਗਈ ਸੀ ਪਰ ਅੱਜ ਹੋਈ ਭਾਰੀ ਗੜੇਮਾਰੀ ਅਤੇ ਮੀਂਹ ਨੇ ਕਿਸਾਨਾਂ ਦੀਆਂ ਉਮੀਦਾਂ ’ਤੇ ਪਾਣੀ ਫੇਰ ਦਿੱਤਾ ਹੈ। ਟੱਲੇਵਾਲ ਖ਼ੇਤਰ ਦੇ ਪਿੰਡ ਦੀਵਾਨਾ ਅਤੇ ਨਰਾਇਣਗੜ੍ਹ ਸੋਹੀਆਂ ਵਿੱਚ ਭਾਰੀ ਗੜੇਮਾਰੀ ਨਾਲ ਜਿੱਥੇ ਖੜੀਆਂ ਫ਼ਸਲਾਂ ਦਾ ਵੱਡਾ ਨੁਕਸਾਨ ਹੋਇਆ ਹੈ, ਉਥੇ ਮੰਡੀਆਂ ਵਿੱਚ ਪਈ ਫ਼ਸਲ ਵੀ ਮਾੜੇ ਪ੍ਰਬੰਧਾਂ ਕਾਰਨ ਪਾਣੀ ’ਚ ਰੁੜ੍ਹ ਗਈ। ਗੜਿਆਂ ਕਾਰਨ ਹਰਾ ਚਾਰਾ ਅਤੇ ਸਬਜ਼ੀਆਂ ਦਾ ਵੀ ਵੱਡੇ ਪੱਧਰ ’ਤੇ ਨੁਕਸਾਨ ਹੋਇਆ ਹੈ। ਇਸ ਗੜੇਮਾਰੀ ਕਾਰਨ ਖੜੀਆਂ ਫ਼ਸਲਾਂ ਵਾਲੇ ਅਤੇ ਮੰਡੀਆਂ ਵਿੱਚ ਫ਼ਸਲਾਂ ਲੈ ਕੇ ਬੈਠੇ ਕਿਸਾਨਾਂ ਦੇ ਚਿਹਰੇ ਮੁਰਝਾ ਗਏ।
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂ ਹਰਜੀਤ ਦੀਵਾਨਾ ਅਤੇ ਲੋਕ ਮੋਰਚਾ ਪੰਜਾਬ ਦੇ ਸੂਬਾ ਆਗੂ ਸਤਨਾਮ ਦੀਵਾਨਾ ਨੇ ਦੱਸਿਆ ਕਿ ਦੁਪਹਿਰ ਸਮੇਂ ਕਰੀਬ ਅੱਧਾ ਘੰਟਾ ਭਾਰੀ ਮੀਂਹ ਦੇ ਨਾਲ ਗੜੇਮਾਰੀ ਹੋਈ। ਇਸ ਨਾਲ ਕਣਕ ਦੀ ਪੱਕੀ ਫ਼ਸਲ ਮਧੋਲੀ ਗਈ। ਬੱਲੀਆਂ ਦੇ ਦਾਣੇ ਧਰਤੀ ’ਤੇ ਕੇਰ ਦਿੱਤੇ ਹਨ। ਸਬਜ਼ੀਆਂ ਅਤੇ ਹਰੇ ਚਾਰੇ ਨੂੰ ਕਾਫ਼ੀ ਨੁਕਸਾਨ ਪੁੱਜਿਆ ਹੈ।
ਮੰਡੀਆਂ ਵਿੱਚ ਮਾੜੇ ਪ੍ਰਬੰਧਾਂ ਕਾਰਨ ਪਾਣੀ ਭਰ ਗਿਆ ਅਤੇ ਕਿਸਾਨਾਂ ਦੀ ਫ਼ਸਲ ਢੇਰੀ ਤੋਂ ਪਾਣੀ ਵਿੱਚ ਰੁੜ੍ਹ ਗਈ।
ਕਿਸਾਨ ਆਗੂਆਂ ਨੇ ਕਿਹਾ ਕਿ ਕਿਸਾਨ ਪਹਿਲਾਂ ਹੀ ਕਰਜ਼ੇ ਦੀ ਮਾਰ ਝੱਲ ਰਹੇ ਹਨ। ਕਰੋਨਾਵਾਇਰਸ ਕਾਰਨ ਕਣਕ ਦੀ ਫ਼ਸਲ ਦੀ ਵਾਢੀ ਦੇਰੀ ਨਾਲ ਹੋਈ ਹੈ। ਮੰਡੀਆਂ ’ਚ ਕਿਸਾਨਾਂ ਦੀਆਂ ਫ਼ਸਲਾਂ ਢੱਕਣ ਲਈ ਪ੍ਰਬੰਧ ਨਹੀਂ ਹਨ, ਜਿਸ ਕਰਕੇ ਕਣਕ ਮੀਂਹ ਦੇ ਪਾਣੀ ਵਿੱਚ ਰੁੜ੍ਹ ਗਈ। ਉਨ੍ਹਾਂ ਕਿਹਾ ਕਿ ਕਿਸਾਨ 60-60 ਹਜ਼ਾਰ ਰੁਪਏ ’ਤੇ ਜ਼ਮੀਨਾਂ ਠੇਕੇ ’ਤੇ ਲੈ ਕੇ ਖੇਤੀ ਕਰ ਰਹੇ ਹਨ ਪਰ ਇਸ ਗੜੇਮਾਰੀ ਕਾਰਨ ਵੱਡਾ ਨੁਕਸਾਨ ਹੋਇਆ ਹੈ, ਜਿਸ ਕਰਕੇ ਕਿਸਾਨਾਂ ਸਿਰ ਕਰਜ਼ੇ ਦੀ ਮਾਰ ਹੋਰ ਵਧੇਗੀ।
ਉਨ੍ਹਾਂ ਕਿਹਾ ਕਿ ਮੰਡੀਆਂ ’ਚ ਫ਼ਸਲ ਭਿੱਜ ਚੁੱਕੀ ਹੈ, ਜਿਸ ਲਈ ਨਮੀ ਵਿੱਚ ਛੋਟ ਦਿੱਤੀ ਜਾਵੇ ਅਤੇ ਪਹਿਲ ਦੇ ਆਧਾਰ ’ਤੇ ਫ਼ਸਲ ਖ਼ਰੀਦੀ ਜਾਵੇ। ਸਰਕਾਰ ਮੰਡੀਆਂ ਵਿੱਚ ਰਹਿੰਦੇ ਪ੍ਰਬੰਧਾਂ ਦੀ ਘਾਟ ਪੂਰੀ ਕਰੇ।


Share