ਬੇਗੋਵਾਲ ਦੇ ਨੌਜਵਾਨ ਦੀ ਫਰਿਜ਼ਨੋ ਨੇੜੇ ਸੜਕ ਹਾਦਸੇ ਵਿਚ ਮੌਤ

1146
Share

ਬੇਗੋਵਾਲ, 12 ਜੂਨ (ਪੰਜਾਬ ਮੇਲ)- ਬੇਗੋਵਾਲ ਦੇ ਪਿੰਡ ਨੰਗਲ ਲੁਬਾਣਾ ਦੇ ਨੌਜਵਾਨ ਦੀ ਅਮਰੀਕਾ ਦੇ ਫਰਿਜ਼ਨੋ ਸ਼ਹਿਰ ਦੇ ਨੇੜੇ ਸੜਕ ਹਾਦਸੇ ਵਿਚ ਮੌਤ ਹੋ ਗਈ। ਪਿੰਡ ਨੰਗਲ ਲੁਬਾਣਾ ਵਿਚ ਮ੍ਰਿਤਕ ਦੇ ਪਿਤਾ ਸੁਖਜੀਤ ਸਿੰਘ ਨੇ ਦੱਸਿਆ ਕਿ ਕਰੀਬ ਪੰਜ ਸਾਲ ਪਹਿਲਾਂ ਉਨ੍ਹਾਂ ਦਾ 26 ਸਾਲਾ ਬੇਟਾ ਜਗਜੀਤ ਸਿੰਘ ਉਰਫ ਜਿੰਮੀ ਅਮਰੀਕਾ ਗਿਆ ਸੀ। ਇਸ ਦੌਰਾਨ ਉਹ ਅਪਣੇ ਭਰਾ ਸੰਦੀਪ ਸਿੰਘ ਦੇ ਕੋਲ ਕੈਲੀਫੋਰਨੀਆ ਦੇ ਸ਼ਹਿਰ ਮੰਡੋਰਾ ਵਿਚ (ਫਰਿਜ਼ਨੋ) ਵਿਚ ਰਹਿ ਰਿਹਾ ਸੀ।
ਘਟਨਾ ਉਸ ਸਮੇਂ ਵਾਪਰੀ ਜਦੋਂ ਉਹ ਅਪਣੇ ਇੱਕ ਸਾਥੀ ਟਰਾਲਾ ਡਰਾਈਵਰ ਦੇ ਨਾਲ ਟਰਾਲਾ ਲੈ ਕੇ ਨਿਊਯਾਰਕ ਵੱਲ ਜਾ ਰਿਹਾ ਸੀ ਕਿ ਅਚਾਨਕ ਰਸਤੇ ਵਿਚ ਉਨ੍ਹਾਂ ਦਾ ਟਰਾਲਾ ਬੇਕਾਬੂ ਹੋ ਕੇ ਪਲਟ ਗਿਆ। ਟਰਾਲੇ ਵਿਚ ਸੌਂ ਰਹੇ ਜਗਜੀਤ ਸਿੰਘ ਦੀ ਗੰਭੀਰ ਸੱਟ ਲੱਗਣ ਕਾਰਨ ਮੌਤ ਹੋ ਗਈ। ਸੁਖਜੀਤ ਸਿੰਘ ਨੇ ਦੱਸਿਆ ਕਿ ਉਹ ਸੇਵਾ ਮੁਕਤ ਫੌਜੀ ਹੈ ਅਤੇ ਇਸ ਸਮੇਂ ਪਿੰਡ ਵਿਚ ਖੇਤੀ ਕਰਦਾ ਹੈ।
ਅਜੇ ਕੁਝ ਹੀ ਸਮਾਂ ਪਹਿਲਾਂ ਬੇਟਾ ਸੰਦੀਪ ਸਿੰਘ ਕਾਫੀ ਪੈਸੇ ਖ਼ਰਚ ਕਰਨ ਤੋਂ ਬਾਅਦ ਪੱਕਾ ਹੋਇਆ ਸੀ ਅਤੇ ਜਗਜੀਤ ਸਿੰਘ ਦੇ ਵੀ ਕਾਗਜ਼ ਲਾਏ ਹੋਏ ਸੀ। ਲੇਕਿਨ ਵਾਹਿਗੁਰੂ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਉਨ੍ਹਾਂ ਨੇ ਦੱਸਿਆ ਕਿ ਮ੍ਰਿਤਕ ਦੇ ਵਿਦੇਸ਼ ਜਾਣ ‘ਤੇ ਕਰੀਬ 45 ਲੱਖ ਰੁਪਏ ਖ਼ਰਚ ਹੇਏ ਸੀ। ਇਸ ਘਟਨਾ ਨੇ ਉਨ੍ਹਾਂ ਨੂੰ ਤੋੜ ਕੇ ਰੱਖ ਦਿੱਤਾ ਹੇ। ਪਿੰਡ ਦੇ ਲੋਕ ਪਰਵਾਰ ਨਾਲ ਦੁੱਖ ਸਾਂਝਾ ਕਰਨ ਲਈ  ਆ ਰਹੇ ਹਨ।


Share