ਬੇਅ ਆਫ ਪਲੈਂਟੀ ਸਪੋਰਟਸ ਐਂਡ ਕਲਚਰਲ ਕਲੱਬ ਵੱਲੋਂ ਟੌਰੰਗਾ ਵਿਖੇ ਦੋ ਦਿਨਾਂ ਟੂਰਨਾਮੈਂਟ ਸੰਪਨ

495
ਮਾਲਵਾ ਸਪੋਰਟਸ ਕਲੱਬ ਦੀ ਕਬੱਡੀ ਟੀਮ ਜਿਸ ਨੇ ਕਬੱਡੀ ਕੱਪ ਜਿਤਿਆ। 
Share

ਕਬੱਡੀ ਸੀਜ਼ਨ: ਧੜੱਲੇਦਾਰ ਸ਼ੁਰੂਆਤ
-ਲੋਕਲ ਖਿਡਾਰੀਆਂ ਨੇ ਇਸ ਵਾਰ ਜਿੱਤੇ ਦਰਸ਼ਕਾਂ ਦੇ ਦਿਲ
-ਕਬੱਡੀ ‘ਚ ਮਾਲਵਾ ਸਪੋਰਟਸ ਕਲੱਬ ਜੇਤੂ ਅਤੇ ਚੜ੍ਹਦੀ ਕਲਾ ਕਲੱਬ ਉਪ ਜੇਤੂ
ਆਕਲੈਂਡ, 27 ਅਕਤੂਬਰ (ਹਰਜਿੰਦਰ ਸਿੰਘ ਬਸਿਆਲਾ/ਪੰਜਾਬ ਮੇਲ)- ਨਿਊਜ਼ੀਲੈਂਡ ਦੇ ਵਿਚ ਕਬੱਡੀ ਸੀਜਨ ਦੀ ਧੜੱਲੇਦਾਰ ਸ਼ੁਰੂਆਤ ਕਰਦਿਆਂ ਬੇਅ ਆਫ ਪਲੈਂਟੀ ਸਪੋਰਟਸ ਐਂਡ ਕਲਚਰਲ ਕਲੱਬ ਨੇ ਟੌਰੰਗਾ ਵਿਖੇ ਦੋ ਦਿਨਾਂ ਖੇਡ ਟੂਰਨਾਮੈਂਟ ਆਯੋਜਿਤ ਕੀਤਾ। ਖੇਡ ਟੂਰਨਾਮੈਂਟ ਦੀ ਸ਼ੁਰੂਆਤ ਅਰਦਾਸ ਕਰਨ ਉਪਰੰਤ ਹੋਈ। ਪਹਿਲਾ ਦਿਨ ‘ਫੈਮਿਲੀ ਫੱਨ ਡੇਅ’ ਦੇ ਰੂਪ ਵਿਚ ਮਨਾਇਆ ਗਿਆ ਜਿਸ ਦੇ ਵਿਚ ਬੱਚਿਆਂ ਦੀਆਂ ਬਹੁਤ ਸਾਰੀਆਂ ਖੇਡਾਂ ਜਿਵੇਂ ਹਾਕੀ, ਰੱਸਾ ਕੱਸੀ, ਨਿੰਬੂ ਚਮਚਾ ਦੌੜ, ਬਾਲਟੀ ਰੇਸ ਅਤੇ ਦੌੜਾਂ ਆਦਿ ਕਰਵਾਈਆਂ ਗਈਆਂ। ਦੂਜੇ ਦਿਨ ਹੋਏ ਅੰਤਿਮ ਮੁਕਾਬਲਿਆਂ ਦੇ ਵਿਚ ਕਬੱਡੀ ਦਾ ਅੰਤਿਮ ਕੱਪ ਮਾਲਵਾ ਸਪੋਰਟਸ ਐਂਡ ਕਲਚਰਲ ਕਲੱਬ ਦੀ ਟੀਮ ਨੇ ਜਿੱਤ ਕੇ ਆਪਣੇ ਨਾਂਅ ਕੀਤਾ ਜਦ ਕਿ ਚੜ੍ਹਦੀ ਕਲਾ ਸਪੋਰਟਸ ਕਲੱਬ ਪਾਪਾਮੋਆ ਦੀ ਟੀਮ ਉਪ ਜੇਤੂ ਰਹੀ। ਫੁੱਟਬਾਲ ਦਾ ਅੰਤਿਮ ਮੁਕਾਬਲਾ  ਸਿੱਖ ਵੌਰੀਅਰਜ਼ ਨੇ ਲਾਇਨ ਸਪੋਰਟਸ ਕਲੱਬ ਪਾਪਾਟੋਏਟੋਏ ਨੂੰ ਹਰਾ ਕੇ ਆਪਣੇ ਹੱਕ ਜਿਤਾਇਆ। ਅੰਡਰ-16 ਫੁੱਟਬਾਲ ਦੇ ਵਿਚ ਪਹਿਲਾ ਇਨਾਮ ਪਾਪਾਟੋਏਟੇ ਦੀ ਟੀਮ ਨੇ ਜਦ ਕਿ ਦੂਜਾ ਇਨਾਮ ਬੇਅ ਆਫ ਪਲੈਂਟੀ ਸਪੋਰਟਸ ਕਲੱਬ ਦੀ ਟੀਮ ਦੇ ਹਿੱਸੇ ਆਇਆ। ਵਾਲੀਵਾਲ ਸ਼ੂਟਿੰਗ ਦੇ ਵਿਚ ਪਹਿਲਾ ਇਨਾਮ ਫਾਈਵ ਰਿਵਰ ਦੀ ਟੀਮ ਦੇ ਹਿੱਸੇ ਆਇਆ ਜਦ ਕਿ ਦੂਸਰਾ ਇਨਾਮ ਮਾਲਵਾ ਕਲੱਬ ਵਾਲੇ ਲੈ ਗਏ। ਵਾਲੀਵਾਲ ਦੇ ਵਿਚ ਪਹਿਲਾ ਇਨਾਮ ਕਲਗੀਧਰ ਲਾਇਨਜ਼ ਕਲੱਬ ਦੀ ਆਪਣੇ ਨਾਂਅ ਕਰ ਗਈ ਜਦ ਕਿ ਦੂਜਾ ਇਨਾਮ ਮਾਲਵਾ ਕਲੱਬ ਵਾਲੇ ਆਪਣੇ ਨਾਂਅ ਕਰ ਗਏ। ਹਾਕੀ ਅੰਡਰ-10 ਦੇ ਵਿਚ ਬੇਅ ਆਫ ਪਲੈਂਟੀ ਨੂੰ ਪਹਿਲਾ ਇਨਾਮ ਜਦ ਕਿ ਸ਼ਹੀਦ ਭਗਤ ਸਿੰਘ ਟ੍ਰਸਟ ਹਮਿਲਟਨ ਦੀ ਟੀਮ ਦੂਸਰੇ ਨੰਬਰ ਉਤੇ ਰਹੀ। ਹਾਕੀ ਅੰਡਰ-18 ਦੇ ਵਿਚ ਵੀ ਬੇਅ ਆਫ ਪਲੈਂਟੀ ਵਾਲੇ ਮੋਰਚਾ ਜਿੱਤ ਗਏ ਜਦ ਕਿ ਦੂਜੇ ਨੰਬਰ ਉਤੇ ਯੰਗ ਲਾਇਨਜ਼ ਵਾਲੇ ਦੂਸਰੇ ਨੰਬਰ ਉਤੇ ਰਹੇ। ਬੈਡਮਿੰਟਨ ਸਿੰਗਲਜ਼ ਦੇ ਵਿਚ ਮਨਪ੍ਰੀਤ ਸਿੰਘ ਪਹਿਲੇ ਨੰਬਰ ਉਤੇ ਅਤੇ ਗਗਨਦੀਪ ਸਿੰਘ ਦੂਸਰੇ ਨੰਬਰ ਉਤੇ ਰਿਹਾ। ਬੈਡਮਿੰਟਨ ਡਬਲਜ਼ ਦੇ ਵਿਚ ਬਾਲਾ ਕਾਰੀਸਾਰੀ-ਜੋਗਾ ਸ਼ਾਹਪੁਰੀਆ ਦੀ ਜੋੜੀ ਪਹਿਲੇ ਨੰਬਰ ਉਤੇ ਅਤੇ ਰਣਜੀਤ ਸਿੰਘ ਜਗਤਪੁਰ ਅਤੇ ਦਲਵਿੰਦਰ ਸਿੰਘ ਦੀ ਜੋੜੀ ਦੂਸਰੇ ਨੰਬਰ ਉਤੇ ਰਹੀ। ਔਰਤਾਂ ਦੇ ਰੱਸਾਕਸੀ ਮੁਕਾਬਲੇ ਦੇ ਵਿਚ ਬੇਅ ਆਫ ਪਲੈਂਟੀ ਪਹਿਲੇ ਨੰਬਰ ਉਤੇ ਅਤੇ ਸ਼ਹੀਦ ਭਗਤ ਸਿੰਘ ਟ੍ਰਸਟ ਹਮਿਲਟਨ ਦੂਸਰੇ ਨੰਬਰ ਉਤੇ ਰਿਹਾ। ਰੱਸਾਕਸੀ ਦਾ ਦੂਸਰਾ ਮੁਕਬਾਲਾ ਸੱਸਾਂ ਅਤੇ ਨੂੰਹਾਂ ਵਿਚਕਾਰ ਹੋਇਆ ਜਿਸ ਦੇ ਵਿਚ ਨੂੰਹਾਂ ਨੇ ਸੱਸਾਂ ਨੂੰ ਪਤਾ ਨਹੀਂ ਕਿਹੜੀ ਗੱਲ ਦਾ ਸਬਕ ਸਿਖਾ ਕੇ ਇਨਾਮ ਹਾਸਿਲ ਕਰ ਲਿਆ। ਲੇਡੀਜ਼ ਮਿਊਜ਼ੀਕਲ ਚੇਅਰ ਦਾ ਵੀ ਦਰਸ਼ਕਾਂ ਅਨੰਦ ਮਾਣਿਆ। ਸ਼ਹੀਦ ਭਗਤ ਸਿੰਘ ਟ੍ਰਸਟ ਹਮਿਲਟਨ ਦੇ ਬੱਚਿਆਂ ਦਾ ਕਾਰਗੁਜ਼ਾਰੀ ਕਾਫੀ ਵਧੀਆ ਰਹੀ ਬੱਚਿਆਂ ਨੇ ਕਈ ਪਹਿਲੇ ਅਤੇ ਦੂਜੇ ਇਨਾਮ ਹਾਸਿਲ ਕੀਤੇ।
ਧੰਨਵਾਦ: ਬੇਅ ਆਫ ਪਲੈਂਟੀ ਸਪੋਰਟਸ ਕਲੱਬ ਵੱਲੋਂ ਨਿਊਜ਼ੀਲੈਂਡ ਕਬੱਡੀ ਫੈਡਰੇਸ਼ਨ, ਨਿਊਜ਼ੀਲੈਂਡ ਸਿੱਖ ਗੇਮਜ਼, ਪੰਜਾਬੀ ਮੀਡੀਆ ਕਰਮੀਆਂ, ਰੈਫਰੀਜ਼, ਕੁਮੈਂਟੇਟਰ, ਲਾਈਨ ਮੈਨ, ਸਟਾਪ ਵਾਚ, ਲੰਗਰ ਲਈ ਲੱਗੇ ਸਾਰੇ ਸੇਵਾਦਾਰਾਂ ਅਤੇ ਹੋਰ ਸਾਰੇ ਦਰਸ਼ਕਾਂ ਦਾ ਧੰਨਵਾਦ ਕੀਤਾ ਹੈ। ਇਸ ਟੂਰਨਾਮੈਂਟ ਨੂੰ ਸੋਸ਼ਲ ਮੀਡੀਆ ਦੇ ਉਤੇ ਬਹੁਤ ਕਵਰੇਜ ਮਿਲੀ, ਲੋਕਾਂ ਨੇ ਆਪਣੇ-ਆਪਣੇ ਫੋਨਾਂ ਦੇ ਉਤੇ ਇਸਨੂੰ ਲਾਈਵ ਕਰਕੇ ਇਕ ਅੰਤਰਰਾਸ਼ਟਰੀ ਖੇਡ ਮੇਲਾ ਬਣਾ ਦਿੱਤਾ।


Share