ਬੇਅ ਆਫ ਪਲੈਂਟੀ ਦੇ ਟੌਰੰਗਾ ਖੇਡ ਟੂਰਨਾਮੈਂਟ ‘ਚ ਦੂਜੀਆਂ ਨਿਊਜ਼ੀਲੈਂਡ ਸਿੱਖ ਖੇਡਾਂ ਦਾ ਪੋਸਟਰ ਜਾਰੀ

448
ਦੂਜੀਆਂ ਨਿਊਜ਼ੀਲੈਂਡ ਸਿੱਖ ਖੇਡਾਂ ਦਾ ਪੋਸਟਰ ਜਾਰੀ ਕਰਦੀਆਂ ਬੀਬੀਆਂ। 
Share

-28 ਅਤੇ 29 ਨਵੰਬਰ ਦੀਆਂ ਤਿਆਰੀਆਂ ਨੇ ਜ਼ੋਰ ਫੜਿਆ
ਆਕਲੈਂਡ, 26 ਅਕਤੂਬਰ (ਹਰਜਿੰਦਰ ਸਿੰਘ ਬਸਿਆਲਾ/ਪੰਜਾਬ ਮੇਲ)–ਬੀਤੇ ਕੱਲ੍ਹ ਬੇਅ ਆਫ ਪਲੈਂਟੀ ਸਪੋਰਟਸ ਐਂਡ ਕਲਚਰਲ ਕਲੱਬ ਵੱਲੋਂ ਟੌਰੰਗਾ ਵਿਖੇ ਸੰਪਨ ਹੋਏ ਖੇਡ ਟੂਰਨਾਮੈਂਟ ਦੇ ਵਿਚ ਨਵੰਬਰ ਮਹੀਨੇ ਹੋਣ ਵਾਲੀਆਂ ਦੂਜੀਆਂ ਨਿਊਜ਼ੀਲੈਂਡ ਸਿੱਖ ਖੇਡਾਂ ਦਾ ਰੰਗਦਾਰ ਪੋਸਟਰ ਦਰਸ਼ਕਾਂ, ਖਿਡਾਰੀਆਂ, ਖੇਡ ਪ੍ਰਬੰਧਕਾਂ, ਮੀਡੀਆ ਕਰਮੀਆਂ ਵੱਲੋਂ ਸਾਂਝੇ ਤੌਰ ਉਤੇ ਜਾਰੀ ਕੀਤਾ ਗਿਆ। ਇਸ ਵਾਰ ਫਿਰ ਦੂਜੀਆਂ ਨਿਊਜ਼ੀਲੈਂਡ ਸਿੱਖ ਖੇਡਾਂ 28 ਅਤੇ 29 ਨਵੰਬਰ ਨੂੰ ਬਰੂਸ ਪੁਲਮਨ ਪਾਰਕ ਟਾਕਾਨੀਨੀ ਵਿਖੇ ਕਰਵਾਈਆ ਜਾ ਰਹੀਆਂ ਹਨ। ਇਨ੍ਹਾਂ ਖੇਡਾਂ ਦੇ ਵਿਚ ਸਿਰਫ ਖੇਡਾਂ ਹੀ ਨਹੀਂ ਕਰਵਾਈਆਂ ਜਾਂਦੀਆਂ ਸਗੋਂ ਵੱਡੀ ਸਭਿਆਚਾਰਕ ਸਟੇਜ ਵੀ ਲਗਾਈ ਜਾਂਦੀ ਹੈ ਜਿੱਥੇ ਸਥਾਨਕ ਗਾਇਕ, ਗਾਇਕਾਵਾਂ, ਗੀਤਕਾਰ, ਭੰਗੜਾ ਕਲਾਕਾਰ, ਗਿੱਧੇ ਵਾਲੀਆਂ ਕੁੜੀਆਂ, ਸਕਿੱਟਾਂ ਵਾਲੇ ਅਤੇ ਹੋਰ ਵੱਖ-ਵੱਖ ਵੰਨਗੀਆਂ ਪੇਸ਼ ਕਰਨ ਵਾਲੇ ਆਪਣਾ ਹੁਨਰ ਵਿਖਾਉਂਦੇ ਹਨ। ਬੱਚਿਆਂ ਦੇ ਲਈ ਵੱਡੀ ਫੱਨ ਪਾਰਕ ਬਣਾਈ ਜਾਂਦੀ ਹੈ। ਦੋ ਦਿਨਾਂ ਇਨ੍ਹਾਂ ਖੇਡਾਂ ਦੇ ਵਿਚ ਗੁਰੂ ਕਾ ਲੰਗਰ ਵੀ ਦੋਨੇ ਦਿਨ ਨਿਰੰਤਰ ਚਲਦਾ ਹੈ, ਜਿਸ ਦੇ ਵਿਚ ਵੱਖ-ਵੱਖ ਗੁਰਦੁਆਰਾ ਸਾਹਿਬਾਨਾਂ ਦੀਆਂ ਕਮੇਟੀਆਂ ਅਤੇ ਹੋਰ ਦਾਨੀ ਸੱਜਣ ਆਪਣਾ ਵੱਡਾ ਯੋਗਦਾਨ ਪਾਉਂਦੇ ਹਨ। ਕਰੋਨਾ ਦੇ ਚਲਦਿਆਂ ਭਾਵੇਂ ਅੰਤਰਰਾਸ਼ਟਰੀ ਟੀਮਾਂ ਦੇ ਇਥੇ ਆਉਣ ਦੀ ਸੰਭਾਵਨਾ ਅਜੇ ਮੱਧਮ ਹੈ, ਪਰ ਸਥਾਨਕ ਪੱਧਰ ਦੀਆਂ ਟੀਮਾਂ ਅਤੇ ਦਰਸ਼ਕਾਂ ਦੇ ਵਿਚ ਚਾਅ ਕਾਫੀ ਸਿਖਰ ‘ਤੇ ਹੈ। ਨਿਊਜ਼ੀਲੈਂਡ ਸਿੱਖ ਖੇਡਾਂ ਦੀ ਪ੍ਰਬੰਧਕੀ ਟੀਮ ਨੇ ਬੇਅ ਆਫ ਪਲੈਂਟੀ ਸਪੋਰਟਸ ਐਂਡ ਕਲਚਰਲ ਕਲੱਬ, ਨਿਊਜ਼ੀਲੈਂਡ ਕਬੱਡੀ ਫੈਡਰੇਸ਼ਨ, ਪੰਜਾਬੀ ਮੀਡੀਆ ਕਰਮੀਆਂ, ਸਾਰੇ ਖਿਡਾਰੀਆਂ ਅਤੇ ਦਰਸ਼ਕਾਂ ਦਾ ਧੰਨਵਾਦ ਕੀਤਾ ਹੈ ਜਿਨ੍ਹਾਂ ਨੇ ਇਸ ਖੇਡ ਮੇਲੇ ਨੂੰ ਜਿੱਥੇ ਰੌਣਕ ਭਰਿਆ ਮਨਾਇਆ ਉਥੇ ਰੰਗਦਾਰ ਪੋਸਟਰ ਜਾਰੀ ਕਰਨ ਦੇ ਵਿਚ ਵੀ ਖਾਸ ਦਿਲਚਸਪੀ ਵਿਖਾਈ। ਟੌਰੰਗਾ ਖੇਡ ਮੇਲੇ ਵਿਚ ਪੁੱਜੀਆਂ ਬੀਬੀਆਂ ਦਾ ਵੀ ਵਿਸ਼ੇਸ਼ ਧੰਨਵਾਦ ਕੀਤਾ ਗਿਆ ਜਿਨ੍ਹਾਂ ਨੇ ਇਹ ਰੰਗਦਾਰ ਪੋਸਟਰ ਕਰਕੇ ਇਹ ਯਕੀਨੀ ਬਣਾ ਦਿੱਤਾ ਕਿ ਇਸ ਵਾਰ ਇਹ ਸਿੱਖ ਖੇਡਾਂ ਇਕ ਵਾਰ ਇਖੇ ਵਸਦੇ ਭਾਰਤੀ ਭਾਈਚਾਰੇ ਦਾ ਮਨ ਜਿੱਤਣਗੀਆਂ ਅਤੇ ਪਰਿਵਾਰਕ ਮੇਲਾ ਹੋ ਨਿਬੜਨਗੀਆਂ।


Share