ਬੇਅਦਬੀ ਦੇ ਮੁੱਦੇ ’ਤੇ ਸਿੱਧੂ ਨੇ ਮੁੜ ਘੇਰਿਆ ਕੈਪਟਨ

108
Share

ਜਲੰਧਰ/ਚੰਡੀਗੜ੍ਹ, 20 ਮਈ (ਪੰਜਾਬ ਮੇਲ)- ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਇਕ ਵਾਰ ਫਿਰ ਤੋਂ ਟਵਿੱਟਰ ਜ਼ਰੀਏ ਬੇਅਦਬੀ ਦੇ ਮੁੱਦੇ ’ਤੇ ਕਾਂਗਰਸ ਸਰਕਾਰ ਖ਼ਿਲਾਫ਼ ਗਰਜੇ ਹਨ। ਇਸ ਦੌਰਾਨ ਉਨ੍ਹਾਂ ਮੁੜ ਤੋਂ ਬੇਅਦਬੀ ਦਾ ਇਨਸਾਫ਼ ਮੰਗਣ ਦੀ ਗੱਲ ਕੀਤੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਪਾਰਟੀ ਦੇ ਵਿਧਾਇਕਾਂ ਨੂੰ ਹਾਈਕਮਾਂਡ ਤੱਕ ਜਾਣ ਦੀ ਅਪੀਲ ਵੀ ਕੀਤੀ ਹੈ। ਉਨ੍ਹਾਂ ਕਿਹਾ ਕਿ ਸਾਲ 2019 ’ਚ ਮੈਂ ਪੰਜਾਬ ’ਚ ਚੋਣ ਮੁਹਿੰਮ ਦਾ ਆਰੰਭ ਅਤੇ ਅੰਤ ਇੱਕੋ ਮੰਗ ਨਾਲ ਕੀਤਾ ਸੀ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਇਨਸਾਫ਼ ਹੋਵੇ। ਮੁਲਜ਼ਮਾਂ ਨੂੰ ਸਜ਼ਾ ਮਿਲੇ ਅਤੇ ਉਨ੍ਹਾਂ ਨੂੰ ਬਚਾਉਣ ਵਾਲਿਆਂ ਨੂੰ ਵੀ ਸਜ਼ਾ ਦਿੱਤੀ ਜਾਵੇ। ਅੱਗੇ ਬੋਲਦੇ ਹੋਏ ਉਨ੍ਹਾਂ ਕਿਹਾ ਕਿ ਹੁਣ ਸਾਡੇ ਵਿਧਾਇਕਾਂ ਅਤੇ ਪਾਰਟੀ ਵਰਕਰਾਂ ਨੂੰ ਦਿੱਲੀ ਜਾ ਕੇ ਮਾਣਯੋਗ ਹਾਈਕਮਾਂਡ ਨੂੰ ਸੱਚ ਲਾਜ਼ਮੀ ਦੱਸਣਾ ਚਾਹੀਦਾ ਹੈ, ਜੋ ਮੈਂ ਲਗਾਤਾਰ ਦੱਸਦਾ ਆ ਰਿਹਾ ਹੈ।  ਇਸ ਦੇ ਨਾਲ ਹੀ ਉਨ੍ਹਾਂ ਨੇ ਟਵਿੱਟਰ ’ਤੇ 2019 ’ਚ ਹੋਈਆਂ ਲੋਕ ਸਭਾ ਚੋਣਾਂ ਦੌਰਾਨ ਚੋਣ ਮੁਹਿੰਮ ਦੀ ਇਕ ਵੀਡੀਓ ਸਾਂਝੀ ਕੀਤੀ ਹੈ, ਜਿਸ ’ਚ ਉਹ ਬੇਅਦਬੀ ਦੇ ਮੁੱਦੇ ਦੇ ਇਨਸਾਫ਼ ਦੀ ਗੱਲ ਕਰ ਰਹੇ ਹਨ ਅਤੇ ਕਹਿ ਰਹੇ ਹਨ, ਨਵਜੋਤ ਸਿੰਘ ਸਿੱਧੂ ਆਪਣੀ ਜ਼ਿੰਦਗੀ ’ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲਿਆਂ ਨੂੰ ਸਜ਼ਾ ਨਾ ਦਿਵਾ ਸਕਿਆ ਤਾਂ ਉਨ੍ਹਾਂ ਦੀ ਰੂਹ ਸਦਾ ਲਈ ਭਟਕਦੀ ਰਹੇਗੀ। ਇਸ ਦੇ ਨਾਲ ਹੀ ਉਹ ਇਹ ਕਹਿੰਦੇ ਨਜ਼ਰ ਆ ਰਹੇ ਹਨ ਕਿ ਜੇ ਗੁਰੂ ਸਾਹਿਬ ਜੀ ਦਾ ਸਨਮਾਨ ਨਾ ਰੱਖ ਸਕਿਆ ਤਾਂ ਉਹ ਰਾਜਨੀਤੀ ਛੱਡ ਦੇਣਗੇ। ਸਿੱਧੂ ਨੂੰ ਬਦਲੇ ’ਚ ਕੁਝ ਵੀ ਨਹੀਂ ਚਾਹੀਦਾ।


Share