ਬੇਅਦਬੀ ਦੀ ਘਟਨਾ ਨਾਲ ਸਬੰਧਤ ਸ਼੍ਰੋਮਣੀ ਕਮੇਟੀ ਵੱਲੋਂ ਇੱਕ ਮੁਲਾਜ਼ਮ ਮੁਅੱਤਲ

742
Share

ਡਾ. ਰੂਪ ਸਿੰਘ ਨੇ ਘਟਨਾ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਪੁਲਿਸ ਕਮਿਸ਼ਨਰ ਨੂੰ ਲਿਖਿਆ ਪੱਤਰ
ਅੰਮ੍ਰਿਤਸਰ, 5 ਮਈ (ਪੰਜਾਬ ਮੇਲ)- ਪਿਛਲੇ ਦਿਨੀਂ ਸਥਾਨਕ ਆਦਰਸ਼ ਨਗਰ ਇਸਲਾਮਾਬਾਦ ਪੁਤਲੀ ਘਰ ਵਿਖੇ ਇਕ ਪਰਿਵਾਰ ਦੇ ਚਾਰ ਮੈਂਬਰਾਂ ਵੱਲੋਂ ਜਾਣਬੁਝ ਕੇ ਗੁਰਬਾਣੀ ਦੀਆਂ ਪਾਵਨ ਪੋਥੀਆਂ ਅਤੇ ਗੁਟਕਾ ਸਾਹਿਬ ਜੀ ਦੀ ਬੇਅਦਬੀ ਦੀ ਘਟਨਾ ਕਰਨ ਵਾਲਿਆਂ ਵਿਚ ਸ਼੍ਰੋਮਣੀ ਕਮੇਟੀ ਦੇ ਇਕ ਮੁਲਾਜ਼ਮ ਨੂੰ ਦਫ਼ਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮੁਅੱਤਲ ਕਰ ਦਿੱਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸ਼੍ਰੋਮਣੀ ਕਮੇਟੀ ਦੇ ਮੁੱਖ ਸਕੱਤਰ ਡਾ. ਰੂਪ ਸਿੰਘ ਨੇ ਦੱਸਿਆ ਕਿ 3 ਮਈ ਐਤਵਾਰ ਵਾਲੇ ਦਿਨ ਇਸਲਾਮਾਬਦ ਨਜ਼ਦੀਕ ਪੁਤਲੀ ਘਰ ਦੇ ਇਲਾਕੇ ਆਦਰਸ਼ ਨਗਰ ਵਿਖੇ ਇਕ ਪਰਿਵਾਰ ਵੱਲੋਂ ਜਾਣਬੁਝ ਕੇ ਪਾਵਨ ਗੁਰਬਾਣੀ ਦੀ ਪੋਥੀ ਅਤੇ ਗੁਟਕਾ ਸਾਹਿਬ ਅਤੇ ਹੋਰ ਧਾਰਮਿਕ ਕਕਾਰ ਦੀ ਬੇਅਦਬੀ ਕਰਨ ਦੀ ਘਟਨਾ ਨੂੰ ਅੰਜ਼ਾਮ ਦਿੱਤਾ ਗਿਆ ਸੀ, ਇਸ ਦੌਰਾਨ ਪੁਲਿਸ ਥਾਣਾ ਕੋਟ ਖਾਲਸਾ ਵੱਲੋਂ ਕਾਰਵਾਈ ਕਰਦਿਆਂ ਮੌਕੇ ’ਤੇ ਹੀ 4 ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰਕੇ ਪਰਚਾ ਦਰਜ਼ ਕੀਤਾ ਗਿਆ ਸੀ। ਡਾ. ਰੂਪ ਸਿੰਘ ਨੇ ਦੱਸਿਆ ਕਿ ਇਨ੍ਹਾਂ ਦੋਸ਼ੀਆਂ ਵਿਚ ਇਕ ਨਿਸ਼ਾਨਪ੍ਰੀਤ ਸਿੰਘ ਪੁੱਤਰ ਸੋਹਨ ਸਿੰਘ ਜੋ ਕਿ ਸ਼੍ਰੋਮਣੀ ਕਮੇਟੀ ਦਾ ਮੁਲਾਜ਼ਮ ਸੀ, ਡਿਊਟੀ ਗੁਰਦੁਆਰਾ ਪਿੱਪਲੀ ਸਾਹਿਬ ਪੁਤਲੀਘਰ ਵਿਖੇ ਕਰਦਾ ਸੀ, ਨੂੰ ਅੱਜ ਦਫ਼ਤਰ ਦੇ ਆਰਡਰ ਨੰ: 99 ਮਿਤੀ 04-05-2020 ਰਾਹੀਂ ਮੁਅੱਤਲ ਕਰ ਦਿੱਤਾ ਗਿਆ ਹੈ। ਇਸ ਦੀ ਹੋਰ ਪੜਤਾਲ ਲਈ ਸ਼੍ਰੋਮਣੀ ਕਮੇਟੀ ਦੇ ਮੀਤ ਸਕੱਤਰ ਸ. ਸਕੱਤਰ ਸਿੰਘ ਦੀ ਡਿਊਟੀ ਲਗਾਈ ਗਈ ਹੈ। ਡਾ: ਰੂਪ ਸਿੰਘ ਨੇ ਇਹ ਵੀ ਦੱਸਿਆ ਕਿ ਬੇਅਦਬੀ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਨੂੰ ਲਿਖਤੀ ਚਿੱਠੀ ਵੀ ਭੇਜ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਪੁਲਿਸ ਕਮਿਸ਼ਨਰ ਨੂੰ ਲਿਖਿਆ ਗਿਆ ਹੈ ਕਿ ਮਾਮਲੇ ਦੀ ਤੈਅ ਤੱਕ ਪੁੱਜਣ ਲਈ ਡੂੰਘਾਈ ਨਾਲ ਜਾਂਚ ਕੀਤੀ ਜਾਵੇ, ਕਿਉਂਕਿ ਇਹ ਬਹੁਤ ਸੰਜੀਦਾ ਮਾਮਲਾ ਹੈ, ਇਸ ਨਾਲ ਸਿੱਖ ਕੌਮ ਦੀਆਂ ਭਾਵਨਾਵਾਂ ਜੁੜੀਆਂ ਹੋਈਆਂ ਹਨ। ਇਸ ਘਨੋਣੀ ਕਾਰਵਾਈ ਪਿੱਛੇ ਹੋਰ ਕਿਹੜੀਆਂ ਤਾਕਤਾਂ ਕੰੰਮ ਕਰ ਰਹੀਆਂ ਹਨ, ਦੋਸ਼ੀਆਂ ਪਾਸੋਂ ਸਖ਼ਤੀ ਨਾਲ ਪੁਛ-ਗਿਛ ਕਰਕੇ ਉਨ੍ਹਾਂ ਸ਼ਕਤੀਆਂ ਨੂੰ ਸਾਹਮਣੇ ਲਿਆਂਦਾ ਜਾਵੇ।

Share