ਬੇਅਦਬੀ ਤੇ ਬਹਿਬਲ ਕਾਂਡ: ਦੋਸ਼ੀਆਂ ਖ਼ਿਲਾਫ਼ ਕਾਰਵਾਈ ਨਾ ਕਰਨ ਦਾ ਖਮਿਆਜ਼ਾ ਕਾਂਗਰਸ ਸਰਕਾਰ ਨੂੰ ਵੀ ਭੁਗਤਣਾ ਪੈਣਾ : ਨਵਜੋਤ ਸਿੱਧੂ

98
Share

ਪਟਿਆਲਾ, 14 ਮਈ (ਪੰਜਾਬ ਮੇਲ)- ਕਾਂਗਰਸ ਆਗੂ ਨਵਜੋਤ ਸਿੰਘ ਸਿੱਧੂ ਨੇ ਬੇਅਦਬੀ ਅਤੇ ਬਹਿਬਲ ਕਲਾਂ ਗੋਲੀ ਕਾਂਡ ਨਾਲ ਸਬੰਧਤ ਦੋਸ਼ੀਆਂ ਦੀ ਅਜੇ ਤੱਕ ਵੀ ਗਿ੍ਰਫਤਾਰੀ ਨਾ ਹੋਣ ਦਾ ਮਾਮਲਾ ਮੁੜ ਉਠਾਇਆ ਹੈ। ਟਵੀਟ ਦੌਰਾਨ ਉਨ੍ਹਾਂ ਨੇ ਵੀਡੀਓ ਵੀ ਜਾਰੀ ਕੀਤੀ ਹੈ। ਇਹ ਵੀਡੀਓ ਭਾਵੇਂ ਕਿ ਤਿੰਨ ਸਾਲ ਪੁਰਾਣੀ ਹੈ ਪਰ ਇੱਕ ਤਰ੍ਹਾਂ ਨਾਲ ਉਨ੍ਹਾਂ ਨੇ ਤਿੰਨ ਸਾਲ ਪੁਰਾਣੀ ਆਪਣੀ ਬਿਆਨਬਾਜ਼ੀ ਨੂੰ ਦੁਹਰਾਇਆ ਹੈ। ਇਸ ਵਿਚ ਸ਼੍ਰੀ ਸਿੱਧੂ ਨੇ ਜਿੱਥੇ ਬਾਦਲਾਂ ਨੂੰ ਕੋਸਿਆ ਹੈ, ਉਥੇ ਹੀ ਕਾਰਵਾਈ ਨਾ ਕਰਨ ’ਤੇ ਕਾਂਗਰਸ ਦੀ ਮੌਜੂਦਾ ਸਰਕਾਰ ਨੂੰ ਖਮਿਆਜ਼ਾ ਭੁਗਤਣ ਦੀ ਗੱਲ ਵੀ ਕੀਤੀ ਹੈ। ਸੀ.ਆਰ.ਪੀ.ਸੀ. ਦੀ ਧਾਰਾ 154 ਦੇ ਹਵਾਲੇ ਨਾਲ਼ ਉਹ ਜਾਂਚ ਤੋਂ ਬਗ਼ੈਰ ਹੀ ਦੋਸ਼ੀਆਂ ਦੀ ਗਿ੍ਰਫਤਾਰੀ ਕਰ ਸਕਣ ਦਾ ਅਧਿਕਾਰ ਹੋਣ ਦਾ ਤਰਕ ਵੀ ਦੇ ਰਹੇ ਹਨ। ‘‘ਜਾਂ ਟਾਂਡਿਆਂ ਵਾਲੀ ਨਹੀਂ ਜਾ ਭਾਂਡਿਆਂ ਵਾਲੀ ਨਹੀਂ’’ ’ਤੇ ਆਧਾਰਿਤ ਅਖਾਣ ਦੇ ਹਵਾਲੇ ਨਾਲ ਸਿੱਧੂ ਇਹ ਵੀ ਆਖ ਰਹੇ ਹਨ ਕਿ ਦੋਸ਼ੀਆਂ ਨੂੰ ਖਮਿਆਜ਼ਾ ਹਰ ਹਾਲਤ ਵਿਚ ਭੁਗਤਣਾ ਪੈਣਾ ਹੈ ਪਰ ਨਾਲ ਹੀ ਸਿੱਧੂ ਦਾ ਇਹ ਵੀ ਕਹਿਣਾ ਹੈ ਕਿ ਜੇ ਅਸੀਂ (ਭਾਵ ਕਾਂਗਰਸ ਸਰਕਾਰ) ਨੇ ਦੋਸ਼ੀਆਂ ਦੇ ਖ਼ਿਲਾਫ਼ ਕਾਰਵਾਈ ਨਾ ਕੀਤੀ, ਤਾਂ ਇਸ ਦਾ ਖਮਿਆਜ਼ਾ ਕਾਂਗਰਸ ਸਰਕਾਰ ਨੂੰ ਵੀ ਭੁਗਤਣਾ ਪੈਣਾ ਹੈ।
ਆਪਣੀ ਇਸ ਵੀਡੀਓ ਵਿਚ ਹੀ ਸ਼੍ਰੀ ਸਿੱਧੂ ਅਕਾਲੀ ਦਲ ਦੀ ਸਰਕਾਰ ਦੌਰਾਨ ਡੇਰਾ ਸਿਰਸਾ ਮੁਖੀ ਦੇ ਖਿਲਾਫ ਕੇਸ ਦਰਜ ਹੋਣ ਦੇ ਬਾਵਜੂਦ ਕੋਈ ਵੀ ਕਾਰਵਾਈ ਨਾ ਕਰਨ ਬਲਕਿ ਉਸ ਨੂੰ ਬਚਾਉਣ ਦੀ ਚਾਰਾਜੋਈ ਕਰਨ ਦੀ ਗੱਲ ਵੀ ਕਰਦੇ ਹਨ। ਜਾਂਚ ਦੇ ਹਵਾਲੇ ਨਾਲ ਹੀ ਸ਼੍ਰੀ ਸਿੱਧੂ ਨੇ ਬਹਿਬਲ ਕਲਾਂ ਵਿਖੇ ਉਸ ਵੇਲੇ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਰਾਤ ਦੇ ਦੋ ਵਜੇ ਡੀ.ਜੀ.ਪੀ. ਨੂੰ ਫੋਨ ਕੀਤਾ ਹੋਣ ਦੀ ਗੱਲ ਵੀ ਕੀਤੀ ਹੈ।

Share