ਬੇਅਦਬੀ ਕਾਂਡ : ਵਿਸ਼ੇਸ਼ ਜਾਂਚ ਟੀਮ ਵੱਲੋਂ ਡੇਰਾ ਸਿਰਸਾ ਦੀ ਚੇਅਰਪਰਸਨ ਵਿਪਾਸਨਾ ਤਲਬ

266
ਫ਼ਰੀਦਕੋਟ, 25 ਨਵੰਬਰ (ਪੰਜਾਬ ਮੇਲ)-ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਚੋਰੀ ਕਰਕੇ ਉਸ ਦੀ ਬੇਅਦਬੀ ਕਰਨ ਦੇ ਮਾਮਲੇ ਦੀ ਪੜਤਾਲ ਕਰ ਰਹੀ ਵਿਸ਼ੇਸ਼ ਜਾਂਚ ਟੀਮ ਨੇ ਡੇਰਾ ਸਿਰਸਾ ਦੀ ਚੇਅਰਪਰਸਨ ਵਿਪਾਸਨਾ ਨੂੰ ਹੁਕਮ ਦਿੱਤੇ ਹਨ ਕਿ ਉਹ ਪੁੱਛ-ਪੜਤਾਲ ਲਈ 26 ਨਵੰਬਰ ਨੂੰ ਲੁਧਿਆਣਾ ਪੁਲਿਸ ਕਮਿਸ਼ਨਰ ਦੇ ਦਫ਼ਤਰ ਵਿਚ ਹਾਜ਼ਰ ਹੋਵੇ।
ਦੱਸਣਯੋਗ ਹੈ ਕਿ ਜਾਂਚ ਟੀਮ ਨੇ 8 ਨਵੰਬਰ ਨੂੰ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਤੋਂ ਸੁਨਾਰੀਆ ਜੇਲ੍ਹ ਵਿਚ ਪੁੱਛ-ਪੜਤਾਲ ਕੀਤੀ ਸੀ। ਡੇਰਾ ਮੁਖੀ ਨੇ ਜਾਂਚ ਟੀਮ ਨੂੰ ਬਹੁਤੇ ਸਵਾਲਾਂ ਦੇ ਸਪੱਸ਼ਟ ਜਵਾਬ ਨਹੀਂ ਦਿੱਤੇ। ਜਾਂਚ ਟੀਮ ਨੇ ਡੇਰਾ ਮੁਖੀ ਤੋਂ ਡੇਰੇ ਦੀ ਸਥਾਪਨਾ, ਪ੍ਰਬੰਧ ਤੇ ਡੇਰੇ ਨਾਲ ਜੁੜੇ ਕੰਮਾਂ ਅਤੇ ਵਿਵਾਦਾਂ ਬਾਰੇ ਸੌ ਤੋਂ ਵੱਧ ਸਵਾਲ ਕੀਤੇ ਸਨ। ਬਹੁਤੇ ਜਵਾਬਾਂ ਵਿਚ ਡੇਰਾ ਮੁਖੀ ਨੇ ਕਿਹਾ ਸੀ ਕਿ ਇਸ ਬਾਰੇ ਡੇਰੇ ਦੀ ਕਮੇਟੀ ਅਤੇ ਚੇਅਰਪਰਸਨ ਹੀ ਦੱਸ ਸਕਦੀ ਹੈ। ਇਸ ਤੋਂ ਬਾਅਦ ਜਾਂਚ ਟੀਮ ਨੇ ਵਿਪਾਸਨਾ ਨੂੰ ਜਾਂਚ ਵਿਚ ਸ਼ਾਮਲ ਹੋਣ ਦੇ ਨਿਰਦੇਸ਼ ਜਾਰੀ ਕੀਤੇ ਹਨ। ਇਸੇ ਦਰਮਿਆਨ ਖੁਲਾਸਾ ਹੋਇਆ ਹੈ ਕਿ 8 ਨਵੰਬਰ ਨੂੰ ਡੇਰਾ ਮੁਖੀ ਨੂੰ ਕੀਤੇ ਗਏ ਸਵਾਲਾਂ-ਜਵਾਬਾਂ ਦੀ ਸੂਚੀ ਲੀਕ ਹੋ ਗਈ ਹੈ। ਲੀਕ ਹੋਈ ਸੂਚੀ ਮੁਤਾਬਕ ਪੁੱਛ-ਪੜਤਾਲ ਵਿੱਚ ਡੇਰਾ ਮੁਖੀ ਨੇ ਸਪੱਸ਼ਟ ਕੀਤਾ ਹੈ ਕਿ ਬੇਅਦਬੀ ਨਾਲ ਜੁੜੀ ਕਿਸੇ ਵੀ ਘਟਨਾ ਦਾ ਡੇਰੇ ਨਾਲ ਕੋਈ ਸਬੰਧ ਨਹੀਂ ਹੈ ਅਤੇ ਨਾ ਹੀ ਡੇਰੇ ਦੇ ਪ੍ਰਬੰਧਾਂ ਵਿਚ ਕੋਈ ਸਿੱਧੇ ਤੌਰ ’ਤੇ ਦਖਲਅੰਦਾਜ਼ੀ ਕਰਦੇ ਹਨ।