ਬੇਅਦਬੀ ਕਾਂਡ: ਗਿ੍ਰਫ਼ਤਾਰ 6 ਡੇਰਾ ਪ੍ਰੇਮੀਆਂ ਦਾ 21 ਮਈ ਤੱਕ ਪੁਲਿਸ ਰਿਮਾਂਡ

201
ਰਣਜੀਤ ਸਿੰਘ ਭੋਲਾ, ਸੁਖਜਿੰਦਰ ਸਿੰਘ ਸੰਨੀ, ਪ੍ਰਦੀਪ ਸਿੰਘ, ਬਲਜੀਤ ਸਿੰਘ, ਸ਼ਕਤੀ ਸਿੰਘ, ਨਿਸ਼ਾਨ ਸਿੰਘ
Share

-ਗੁਰੂ ਗ੍ਰੰਥ ਸਾਹਿਬ ਦੇ 100 ਪੰਨੇ ਅਤੇ ਜਿਲਦ ਪ੍ਰੇਮੀਆਂ ਦੇ ਕਬਜ਼ੇ ’ਚ ਹੋਣ ਦਾ ਦਾਅਵਾ
ਫ਼ਰੀਦਕੋਟ, 18 ਮਈ (ਪੰਜਾਬ ਮੇਲ)- ਗੁਰੂ ਗ੍ਰੰਥ ਸਾਹਿਬ ਦੇ ਅੰਗ ਪਾੜ ਕੇ ਪਿੰਡ ਬਰਗਾੜੀ ਦੀਆਂ ਗਲੀਆਂ ਵਿਚ ਖਿਲਾਰ ਕੇ ਬੇਅਦਬੀ ਕਰਨ ਦੇ ਦੋਸ਼ਾਂ ਹੇਠ ਗਿ੍ਰਫ਼ਤਾਰ ਕੀਤੇ ਗਏ 6 ਡੇਰਾ ਪ੍ਰੇਮੀਆਂ ਨੂੰ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਇੱਥੇ ਇਲਾਕਾ ਮੈਜਿਸਟਰੇਟ ਦੀ ਅਦਾਲਤ ਵਿਚ ਪੇਸ਼ ਕੀਤਾ ਗਿਆ। ਅਦਾਲਤ ਨੇ ਫੜੇ ਗਏ ਸਾਰੇ ਡੇਰਾ ਪ੍ਰੇਮੀਆਂ ਨੂੰ 21 ਮਈ ਤੱਕ ਪੁਲਿਸ ਰਿਮਾਂਡ ’ਤੇ ਭੇਜਣ ਦਾ ਹੁਕਮ ਦਿੱਤਾ ਹੈ। ਵਿਸ਼ੇਸ਼ ਜਾਂਚ ਟੀਮ ਦੇ ਇੰਸਪੈਕਟਰ ਦਲਬੀਰ ਸਿੰਘ ਨੇ ਅਦਾਲਤ ਨੂੰ ਦੱਸਿਆ ਕਿ ਹੁਣ ਤੱਕ ਦੀ ਪੜਤਾਲ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਡੇਰਾ ਪ੍ਰੇਮੀਆਂ ਨੇ 12 ਅਕਤੂਬਰ ਨੂੰ ਬਰਗਾੜੀ ’ਚ ਗੁਰੂ ਗ੍ਰੰਥ ਸਾਹਿਬ ਦੇ 150 ਪੰਨੇ ਪਾੜ ਕੇ ਖਿਲਾਰੇ ਸਨ ਅਤੇ 100 ਪੰਨੇ ਪਿੰਡ ਹਰੀ ਨੌਂ ਵਿਚ ਖਿਲਾਰੇ ਜਾਣੇ ਸਨ। ਉਨ੍ਹਾਂ ਗੁਰੂ ਗ੍ਰੰਥ ਸਾਹਿਬ ਦੇ 100 ਪੰਨੇ ਅਤੇ ਜਿਲਦ ਪ੍ਰੇਮੀਆਂ ਦੇ ਕਬਜ਼ੇ ਵਿਚ ਹੋਣ ਦਾ ਦਾਅਵਾ ਵੀ ਕੀਤਾ।
ਦੂਜੇ ਪਾਸੇ ਡੇਰਾ ਪ੍ਰੇਮੀਆਂ ਦੇ ਵਕੀਲ ਵਿਨੋਦ ਕੁਮਾਰ ਮੌਂਗਾ ਨੇ ਪੁਲਿਸ ਰਿਮਾਂਡ ਦੀ ਅਰਜ਼ੀ ਦਾ ਵਿਰੋਧ ਕਰਦਿਆਂ ਕਿਹਾ ਕਿ 6 ਸਾਲ ਪੁਰਾਣੇ ਕੇਸ ਦੀ ਸੀ.ਬੀ.ਆਈ. ਹਰ ਪੱਖ ਤੋਂ ਜਾਂਚ ਕਰ ਚੁੱਕੀ ਹੈ ਅਤੇ ਪੜਤਾਲ ਮਗਰੋਂ ਡੇਰਾ ਪ੍ਰੇਮੀਆਂ ਨੂੰ ਕਲੀਨ ਚਿੱਟ ਵੀ ਮਿਲ ਚੁੱਕੀ ਹੈ। ਉਸ ਨੇ ਅਦਾਲਤ ਨੂੰ ਦੱਸਿਆ ਕਿ ਪੰਜਾਬ ਪੁਲਿਸ ਸਿਆਸੀ ਆਗੂਆਂ ਦੇ ਕਥਿਤ ਇਸ਼ਾਰੇ ’ਤੇ ਡੇਰਾ ਪ੍ਰੇਮੀਆਂ ਨੂੰ ਇਸ ਕੇਸ ’ਚ ਝੂਠਾ ਫਸਾ ਰਹੀ ਹੈ।

Share