ਬੁਰਕੀਨਾ ਫਾਸੋ ’ਚ ਬੰਦੂਕਧਾਰੀ ਹਮਲਾਵਰਾਂ ਵੱਲੋਂ ਕੀਤੇ ਭਿਆਨਕ ਹਮਲੇ ’ਚ 100 ਲੋਕਾਂ ਦੀ ਮੌਤ

125
Share

ਬੁਰਕੀਨਾ ਫਾਸੋ, 5 ਜੂਨ (ਪੰਜਾਬ ਮੇਲ)-ਪੱਛਮੀ ਅਫਰੀਕੀ ਦੇਸ਼ ਬੁਰਕੀਨਾ ਫਾਸੋ ਦੇ ਇਕ ਪਿੰਡ ’ਚ ਬੰਦੂਕਧਾਰੀ ਹਮਲਾਵਰਾਂ ਵੱਲੋਂ ਕੀਤੇ ਭਿਆਨਕ ਹਮਲੇ ’ਚ ਘੱਟੋ-ਘੱਟ 100 ਲੋਕਾਂ ਦੀ ਮੌਤ ਤੇ ਕਈ ਲੋਕਾਂ ਦੇ ਜ਼ਖ਼ਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਸਰਕਾਰ ਨੇ ਸ਼ਨੀਵਾਰ ਕਿਹਾ ਕਿ ਦੇਸ਼ ’ਚ ਇਹ ਹੁਣ ਤਕ ਦਾ ਸਭ ਤੋਂ ਖਤਰਨਾਕ ਹਮਲਾ ਸੀ। ਇਸ ਹਮਲੇ ਲਈ ਸਰਕਾਰ ਨੇ ਜੇਹਾਦੀਆਂ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਕਿਹਾ ਕਿ ਉਨ੍ਹਾਂ ਨੇ ਨਾਈਜਰ ਦੀ ਸਰਹੱਦ ਵਾਲੇ ਪਾਸੇ ਦੇ ਖੇਤਰ ’ਚ ਸਥਾਨਕ ਬਾਜ਼ਾਰ ਤੇ ਕਈ ਘਰਾਂ ਨੂੰ ਵੀ ਸਾੜ ਦਿੱਤਾ। ਰਾਸ਼ਟਰਪਤੀ ਰੋਚ ਮਾਰਕ ਕਿ੍ਰਸ਼ਚੀਅਨ ਕਾਬੋਰੇ ਨੇ ਇਸ ਹਮਲੇ ਨੂੰ ‘ਵਹਿਸ਼ੀਪੁਣੇ’ ਦੀ ਹੱਦ ਕਿਹਾ ਹੈ।
ਪੱਛਮੀ ਅਫਰੀਕੀ ਦੇਸ਼ ’ਚ ਤਕਰੀਬਨ ਪੰਜ ਸਾਲ ਪਹਿਲਾਂ ਅਲਕਾਇਦਾ ਤੇ ਇਸਲਾਮਿਕ ਸਟੇਟ ਨਾਲ ਜੁੜੇ ਜੇਹਾਦੀਆਂ ਨੂੰ ਕਾਬੂ ਕੀਤਾ ਗਿਆ ਸੀ। ਇਸ ਦੇਸ਼ ਦੇ ਸਹੇਲ ਖੇਤਰ ’ਚ 5000 ਤੋਂ ਵੱਧ ਫ੍ਰੈਂਚ ਸੈਨਿਕਾਂ ਦੀ ਮੌਜੂਦਗੀ ਦੇ ਬਾਵਜੂਦ ਜੇਹਾਦੀ ਹਿੰਸਾ ਵਧ ਰਹੀ ਹੈ। ਅਪ੍ਰੈਲ ’ਚ ਬੁਰਕੀਨਾ ਫਾਸੋ ’ਚ 50 ਲੋਕ ਮਾਰੇ ਗਏ ਸਨ।
ਬੰਦੂਕਧਾਰੀਆਂ ਦੇ ਇਸ ਖਤਰਨਾਕ ਹਮਲੇ ’ਚ 100 ਲੋਕ ਮਾਰੇ ਗਏ ਹਨ ਤੇ ਕਈ ਜ਼ਖਮੀ ਹੋਏ ਹਨ। ਇਕ ਸੂਤਰ ਨੇ ਦੱਸਿਆ ਕਿ ਹਮਲੇ ਤੋਂ ਬਾਅਦ ਹਫੜਾ-ਦਫੜੀ ਦਾ ਮਾਹੌਲ ਸੀ। ਉਸ ਨੇ ਕਈ ਜ਼ਖਮੀਆਂ ਨੂੰ ਕਲੀਨਿਕ ’ਚ ਦਾਖਲ ਹੁੰਦੇ ਵੇਖਿਆ। ਲੋਕ ਬਹੁਤ ਹੀ ਡਰੇ ਹੋਏ ਤੇ ਚਿੰਤਤ ਹਨ।

Share