ਬੀ.ਸੀ. ਵਿਚ ਹੜ੍ਹ; ਪ੍ਰਭਾਵਿਤ ਖੇਤਰਾਂ ਵਿਚ ਹਾਲਾਤ ਮੰਗਲਵਾਰ ਤੱਕ ਆਮ ਵਾਂਗ ਹੋਣ ਦੀ ਸੰਭਾਵਨਾ : ਜਗਰੂਪ ਬਰਾੜ

418
Share

ਸਰੀ, 3 ਦਸੰਬਰ (ਹਰਦਮ ਮਾਨ/ਪੰਜਾਬ ਮੇਲ)- ਬੀ.ਸੀ. ਵਿਚ ਮੌਸਮ ਬਾਰੇ ਅਤੇ ਹੜ੍ਹਾਂ ਤੋਂ ਪ੍ਰਭਾਵਿਤ ਖੇਤਰਾਂ ਦੀ ਤਾਜ਼ਾ ਸਥਿਤੀ ਬਾਰੇ ਵਿਸ਼ੇਸ਼ ਜਾਣਕਾਰੀ ਸਾਂਝੀ ਕਰਦਿਆਂ ਸਰੀ ਫਲੀਟਵੁੱਡ ਦੇ ਐਮ.ਐਲ.ਏ. ਜਗਰੂਪ ਸਿੰਘ ਬਰਾੜ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਭਾਰੀ ਮੀਂਹ ਪੈਣ ਦਾ ਕੋਈ ਖ਼ਦਸ਼ਾ ਨਹੀਂ, ਸਮੁੰਦਰ ਦੇ ਲਾਗਲੇ ਇਲਾਕਿਆਂ ਵਿਚ ਪਾਣੀ ਦਾ ਪੱਧਰ ਹੇਠਾਂ ਆ ਰਿਹਾ ਹੈ, ਹੜ੍ਹਾਂ ਤੋਂ ਪ੍ਰਭਾਵਿਤ ਖੇਤਰਾਂ ਦੀ ਸਥਿਤੀ ਵਿਚ ਸੁਧਾਰ ਹੋ ਰਿਹਾ ਹੈ ਅਤੇ ਆਉਂਦੇ ਮੰਗਲਵਾਰ ਤੱਕ ਹਾਲਾਤ ਆਮ ਵਾਂਗ ਹੋਣ ਦੀ ਸੰਭਾਵਨਾ ਹੈ।
ਉਨ੍ਹਾਂ ਇਹ ਵੀ ਦੱਸਿਆ ਕਿ ਹਾਈਵੇਅ 1 ਨੂੰ ਐਬਟਸਫੋਰਡ ਅਤੇ ਚਿਲਿਵੈਕ ਦਰਮਿਆਨ ਖੋਲ੍ਹ ਦਿੱਤਾ ਗਿਆ ਹੈ ਅਤੇ ਹੁਣ ਵੈਨਕੂਵਰ ਤੋਂ ਹੋਪ ਤੱਕ ਹਾਈਵੇਅ 1 ਉਪਰ ਟ੍ਰੈਫਿਕ ਚੱਲ ਸਕਦਾ ਹੈ। ਹਾਈਵੇਅ 1 ਨੂੰ ਪੌਪਕਮ ਅਤੇ ਹੋਪ ਵਿਚਾਲੇ ਵੀ ਖੋਲ੍ਹ ਦਿੱਤਾ ਗਿਆ ਹੈ। ਉਨ੍ਹਾਂ ਸਿਰਫ ਜ਼ਰੂਰੀ ਕਾਰਜਾਂ ਲਈ ਹੀ ਸਫਰ ਦੀ ਅਪੀਲ ਕੀਤੀ ਅਤੇ ਸਫਰ ਕਰਨ ਤੋਂ ਪਹਿਲਾਂ ਡਰਾਈਵ ਬੀ.ਸੀ. ਤੇ ਜਾ ਕੇ ਤਾਜ਼ਾ ਜਾਣਕਾਰੀ ਹਾਸਲ ਕਰਨ ਲਈ ਕਿਹਾ।
ਸ. ਬਰਾੜ ਨੇ ਕਿਹਾ ਕਿ ਹੜ੍ਹਾਂ ਕਾਰਨ ਜਿਹੜੇ ਕਿਸਾਨਾਂ ਦੀ ਆਮਦਨ ਪ੍ਰਭਾਵਿਤ ਹੋਈ ਹੇ, ਉਹ ਸਹਾਇਤਾ ਹਾਸਲ ਕਰਨ ਲਈ ਸੰਪਰਕ ਕਰ ਸਕਦੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਬੀ.ਸੀ. ਦੇ ਖੇਤੀਬਾੜੀ ਮੰਤਰੀ ਲਾਨਾ ਪੌਪਹਮ ਕਿਸਾਨਾਂ ਨੂੰ ਰਾਹਤ ਪ੍ਰਦਾਨ ਕਰਵਾਉਣ ਲਈ ਐਗਰੀਕਲਚਰ ਰਿਕਵਰੀ ਐਕਟ ਬਾਰੇ ਕਿਸਾਨਾਂ ਨਾਲ ਗੱਲਬਾਤ ਕਰ ਰਹੇ ਹਨ ਅਤੇ ਬੀ.ਸੀ. ਸਰਕਾਰ ਹੜ੍ਹ ਪੀੜਤਾਂ ਦੀ ਹਰ ਪੱਖੋਂ ਮਦਦ ਕੀਤੀ ਜਾਵੇਗੀ।


Share