ਬੀ.ਸੀ. ਵਿਚ ਤਾਪਮਾਨ ਦਾ 115 ਸਾਲ ਪੁਰਾਣਾ ਰਿਕਾਰਡ ਟੁੱਟਿਆ

309
Share

ਸਰੀ, 25 ਫਰਵਰੀ (ਹਰਦਮ ਮਾਨ/ਪੰਜਾਬ ਮੇਲ)- ਬ੍ਰਿਟਿਸ਼ ਕੋਲੰਬੀਆ ਸੂਬੇ ਵਿਚ ਜਿੱਥੇ ਪਿਛਲੇ ਸਾਲ ਜੂਨ ਮਹੀਨੇ ਵਿਚ ਪਈ ਅਤਿ ਦੀ ਗਰਮੀ ਨੇ ਪਿਛਲੇ 84 ਸਾਲਾਂ ਦਾ ਰਿਕਾਰਡ ਮਾਤ ਪਾ ਦਿੱਤਾ ਸੀ ਉਥੇ ਹੀ ਹੁਣ ਠੰਢ ਵੀ ਨਵੇਂ ਰਿਕਾਰਡ ਬਣਾ ਰਹੀ ਹੈ। ਬੀਤੇ ਬੁੱਧਵਾਰ ਨੂੰ ਪਈ ਠੰਡ ਨੇ ਪਿਛਲੇ ਬਹੁਤ ਸਾਰੇ ਰਿਕਾਰਡ ਮਾਤ ਪਾ ਦਿੱਤੇ ਹਨ।
ਇਨਵਾਇਰਮੈਂਟ ਕੈਨੇਡਾ ਵੱਲੋਂ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਬੁੱਧਵਾਰ ਨੂੰ ਡੰਕਨ ਦੇ ਇਲਾਕੇ ਵਿਚ ਪਈ ਠੰਢ ਨੇ ਇਕ ਸਦੀ ਤੋਂ ਵੀ ਪੁਰਾਣਾ ਰਿਕਾਰਡ ਤੋੜ ਦਿੱਤਾ ਹੈ। ਇਸ ਇਲਾਕੇ ਵਿੱਚ ਬੁੱਧਵਾਰ ਨੂੰ -7.7 ਡਿਗਰੀ ਤਾਪਮਾਨ ਨੋਟ ਕੀਤਾ ਗਿਆ ਜਿਸ ਨਾਲ 1917 ਦਾ -5.2 ਡਿਗਰੀ ਦਾ ਰਿਕਾਰਡ ਟੁੱਟ ਗਿਆ ਹੈ।
ਇਸੇ ਤਰ੍ਹਾਂ ਪੋਰਟ ਐਲਬਰਨੀ ਦੇ ਇਲਾਕੇ ਵਿੱਚ ਵੀ ਠੰਢ ਨੇ ਨਵਾਂ ਰਿਕਾਰਡ ਕਾਇਮ ਕੀਤਾ ਹੈ ਤੇ ਉਥੇ -9.5 ਡਿਗਰੀ ਦੇ ਤਾਪਮਾਨ ਨੇ 1922 ਦਾ ਰਿਕਾਰਡ ਤੋੜ ਦਿੱਤਾ ਹੈ। ਕੈਂਪਬੈੱਲ ਰਿਵਰ ਦੇ ਇਲਾਕੇ ਵਿਚ ਵੀ ਬੁੱਧਵਾਰ ਨੂੰ -9.5 ਡਿਗਰੀ ਤਾਪਮਾਨ ਰਿਹਾ ਤੇ ਇਸ ਨੇ 1982 ਦਾ ਰਿਕਾਰਡ ਤੋੜਿਆ ਹੈ।
ਹੋਪ ਸਲਾਈਡ ਇਲਾਕੇ ਵਿੱਚ ਵੀ ਬੁੱਧਵਾਰ ਨੂੰ -16.5 ਡਿਗਰੀ ਤਾਪਮਾਨ ਰਿਹਾ ਅਤੇ ਇਸ ਨਾਲ 1979 ਦਾ ਰਿਕਾਰਡ ਟੁੱਟ ਗਿਆ ਹੈ। ਇਸੇ ਤਰ੍ਹਾਂ ਸਪਾਰਵੁੱਡ, ਸੁਕਾਮਿਸ਼, ਕੁਅਲਿਕਮ ਬੀਚ, ਪੋਵੈੱਲ ਰਿਵਰ ਅਤੇ ਹੋਰ ਕਈ ਇਲਾਕਿਆਂ ਵਿਚ ਵੀ ਬੁੱਧਵਾਰ ਨੂੰ ਤਾਪਮਾਨ ਬਹੁਤ ਘੱਟ ਰਿਹਾ। ਜਾਰੀ ਅੰਕੜਿਆਂ ਅਨੁਸਾਰ ਬੁੱਧਵਾਰ ਨੂੰ ਹੋਏ ਘੱਟ ਤਾਪਮਾਨ ਨੇ ਪਿਛਲੇ ਸਾਲਾਂ ਦੇ 17 ਰਿਕਾਰਡ ਮਾਤ ਪਾ ਦਿੱਤੇ ਹਨ।


Share