ਬੀ.ਸੀ. ’ਚ 1 ਜੁਲਾਈ ਤੋਂ ਮਾਸਕ ਪਹਿਨਣਾ ਲਾਜ਼ਮੀ ਨਹੀਂ ਹੋਵੇਗਾ

52
Share

– ਟਰਾਂਜ਼ਿਟ ਤੇ ਕੁਝ ਪਬਲਿਕ ਥਾਵਾਂ ’ਤੇ ਮਾਸਕ ਪਹਿਨਣਾ ਹਾਲੇ ਜ਼ਰੂਰੀ
– ਆਊਟਡੋਰ ਸਮਾਗਮਾਂ ’ਚ ਪੰਜ ਹਜ਼ਾਰ ਲੋਕ ਸ਼ਾਮਲ ਹੋ ਸਕਣਗੇ
ਸਰੀ, 30 ਜੂਨ (ਹਰਦਮ ਮਾਨ/ਪੰਜਾਬ ਮੇਲ)-ਬੀ.ਸੀ. ਵਾਸੀਆਂ ਲਈ ਚੰਗੀ ਖਬਰ ਹੈ ਕਿ ਹੈਲਥ ਵਿਭਾਗ ਵੱਲੋ ਪਹਿਲੀ ਜੁਲਾਈ ਤੋਂ ਕੋਵਿਡ-19 ਪਾਬੰਦੀਆਂ ’ਚ ਭਾਰੀ ਛੋਟਾਂ ਦਿੱਤੀਆਂ ਜਾ ਰਹੀਆਂ ਹਨ। ਬੀ.ਸੀ. ਦੇ ਪ੍ਰੀਮਿਅਰ ਜੌਨ ਹੌਰਗਨ ਅਤੇ ਸੂਬੇ ਦੇ ਸਿਹਤ ਅਧਿਕਾਰੀਆਂ ਵੱਲੋਂ ਰੀਓਪਨਿੰਗ ਦੇ ਤੀਜੇ ਪੜ੍ਹਾਅ ਦੇ ਵੇਰਵੇ ਸਾਂਝੇ ਕਰਦਿਆਂ ਕਿਹਾ ਹੈ ਕਿ ਸੂਬੇ ’ਚ ਹੁਣ ਕੰਮ ਦੀਆਂ ਥਾਵਾਂ ’ਤੇ ਪੈਂਡੈਮਿਕ ਸਬੰਧੀ ਪਾਬੰਦੀਆਂ ਦੀ ਲੋੜ ਨਹੀਂ ਹੋਵੇਗੀ। ਸਭ ਤੋਂ ਵੱਡੀ ਰਾਹਤ ਹੈ ਕਿ ਪਹਿਲੀ ਜੁਲਾਈ ਤੋਂ ਲੋਕ ਇਨਡੋਰ ਸਮਾਗਮਾਂ ਦੌਰਾਨ ਆਪਣੀ ਇੱਛਾ ਮੁਤਾਬਿਕ ਮਾਸਕ ਪਹਿਨ ਸਕਣਗੇ, ਭਾਵ ਮਾਸਕ ਪਹਿਨਣਾ ਲਾਜ਼ਮੀ ਨਹੀ ਹੋਵੇਗਾ ਪਰ ਟਰਾਂਜ਼ਿਟ ਅਤੇ ਕੁਝ ਪਬਲਿਕ ਥਾਵਾਂ ’ਤੇ ਮਾਸਕ ਪਹਿਨਣਾ ਅਜੇ ਜ਼ਰੂਰੀ ਹੋਵੇਗਾ।
ਕੋਵਿਡ ਪਾਬੰਦੀਆਂ ਹਟਾਏ ਜਾਣ ਦੇ ਤੀਸਰੇ ਪੜਾਅ ਦੇ ਹੋਰ ਐਲਾਨਾਂ ਮੁਤਾਬਿਕ ਇਨਡੋਰ ਇਕੱਠ 50 ਵਿਅਕਤੀਆਂ ਤੱਕ ਜਾਂ ਹਾਲ ਦੀ ਸਮਰੱਥਾ ਤੋਂ 50 ਪ੍ਰਤੀਸ਼ਤ ਤੱਕ ਹੋ ਸਕੇਗਾ। ਆਊਟਡੋਰ ਇਕੱਠ ਲਈ 5,000 ਜਾਂ ਸਥਾਨ ਦੀ ਸਮਰੱਥਾ ਦੇ 50 ਪ੍ਰਤੀਸ਼ਤ ਲੋਕ ਸ਼ਾਮਲ ਹੋ ਸਕਣਗੇ। ਸਾਰੇ ਕੈਸੀਨੋ, ਨਾਈਟ ਕਲੱਬ 50 ਪ੍ਰਤੀਸ਼ਤ ਸਮਰੱਥਾ ਨਾਲ ਖੁੱਲ੍ਹ ਸਕਣਗੇ। ਇਸ ਦੇ ਨਾਲ ਹੀ ਇਕ ਟੇਬਲ ਦੇ ਆਸ-ਪਾਸ ਬੈਠਣ ਵਾਂਲਿਆਂ ਦੀ ਗਿਣਤੀ 10 ਤੱਕ ਹੋ ਜਾਵੇਗੀ ਪਰ ਅਜੇ ਡਾਂਸ ਦੀ ਆਗਿਆ ਨਹੀਂ ਹੋਵੇਗੀ। ਸਮਾਗਮਾਂ ਦੌਰਾਨ 12 ਸਾਲ ਦੀ ਉਮਰ ਜਾਂ ਵਡੇਰੀ ਉਮਰ ਦੇ ਲੋਕਾਂ ਲਈ ਜਾਂ ਪੂਰੀ ਤਰ੍ਹਾਂ ਵੈਕਸੀਨੇਟਡ ਨਾ ਹੋਣ ਵਾਲੇ ਲੋਕਾਂ ਲਈ ਮਾਸਕ ਪਹਿਨਣ ਦੀ ਸਿਫਾਰਸ਼ ਕੀਤੀ ਗਈ ਹੈ।
ਤੀਜੇ ਪੜਾਅ ਦੌਰਾਨ ਦਿੱਤੀਆਂ ਜਾ ਰਹੀਆਂ ਛੋਟਾਂ ਸਬੰਧੀ ਕੀਤੇ ਐਲਾਨ ਸਮੇਂ ਸਿਹਤ ਮੰਤਰੀ ਐਡਰੀਅਨ ਡਿਕਸ ਅਤੇ ਜੌਬਜ਼, ਇਕਨਾਮਿਕ ਰਿਕਵਰੀ ਅਤੇ ਇਨੋਵੇਸ਼ਨ ਮੰਤਰੀ ਰਵੀ ਕਾਹਲੋਂ ਵੀ ਮੌਜੂਦ ਸਨ।

Share