ਬੀ.ਸੀ. ’ਚ ਹੋਈ ਭਾਰੀ ਬਾਰਿਸ਼ ਕਾਰਨ ਕੁਝ ਇਲਾਕਿਆਂ ’ਚ ਹੜ੍ਹ

249
Share

ਮੈਰਿਟ ਸ਼ਹਿਰ ਪਾਣੀ ’ਚ ਡੁੱਬਿਆ, ਮਿਸ਼ਨ ਤੇ ਐਬਟਸਫੋਰਡ ਵੀ ਹੋਏ ਪ੍ਰਭਾਵਿਤ
ਸਰੀ, 17 ਨਵੰਬਰ (ਹਰਦਮ ਮਾਨ/ਪੰਜਾਬ ਮੇਲ)-ਬੀ.ਸੀ. ਵਿਚ ਸ਼ਨੀਵਾਰ, ਐਤਵਾਰ ਅਤੇ ਸੋਮਵਾਰ ਨੂੰ ਹੋਈ ਭਾਰੀ ਬਾਰਿਸ਼ ਅਤੇ ਤੇਜ਼ ਹਵਾਵਾਂ ਕਾਰਨ ਕੁਝ ਇਲਾਕਿਆਂ ’ਚ ਹੜ੍ਹ ਆ ਗਏ ਅਤੇ ਲੋਕਾਂ ਨੂੰ ਘਰ ਖਾਲੀ ਕਰਨ ਲਈ ਮਜਬੂਰ ਹੋਣਾ ਪਿਆ। ਵੀਕਐਂਡ ਦੌਰਾਨ ਇਸ ਇਲਾਕੇ ’ਚ 180 ਤੋਂ 250 ਮਿਲੀਮੀਟਰ ਤੱਕ ਵਰਖਾ ਰਿਕਾਰਡ ਹੋਈ ਹੈ। 7000 ਦੀ ਆਬਾਦੀ ਵਾਲਾ ਮੈਰਿਟ ਸ਼ਹਿਰ ਭਾਰੀ ਵਰਖਾ ਕਾਰਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ ਅਤੇ ਸਾਰਾ ਸ਼ਹਿਰ ਪਾਣੀ ’ਚ ਡੁੱਬਿਆ ਹੋਇਆ ਹੈ। ਲੋਕਾਂ ਨੂੰ ਘਰਾਂ ’ਚੋਂ ਕੱਢ ਕੇ ਕੈਮਲੂਪਸ, ਕਲੋਨਾ ਅਤੇ ਹੋਰ ਸੁਰੱਖਿਅਤ ਥਾਵਾਂ ’ਤੇ ਪਹੁੰਚਾਇਆ ਗਿਆ ਹੈ। ਮਿਸ਼ਨ ਦੇ ਵੀ ਕੁਝ ਹਿੱਸਿਆਂ ਵਿਚ ਲੋਕਾਂ ਦੇ ਘਰਾਂ ’ਚ ਪਾਣੀ ਭਰ ਗਿਆ ਹੈ। ਐਬਟਸਫੋਰਡ ਦੇ ਮੇਅਰ ਹੈਨਰੀ ਬ੍ਰਾਊਨ ਨੇ ਸ਼ਹਿਰ ’ਚ ਲੋਕਲ ਸਟੇਟ ਆਫ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਹੈ ਅਤੇ ਐਬਟਸਫੋਰਡ ਦੇ ਕੁਝ ਘਰਾਂ ਨੂੰ ਖਾਲੀ ਕਰਨ ਦੇ ਵੀ ਨਿਰਦੇਸ਼ ਜਾਰੀ ਕੀਤੇ ਗਏ ਹਨ। ਚਿਲਿਵੈਕ ਸਕੂਲ ਡਿਸਟਿ੍ਰਕਟ ਵੱਲੋਂ ਨੋਟਿਸ ਜਾਰੀ ਕਰਕੇ ਹੜ੍ਹਾਂ ਦੇ ਖਤਰੇ ਕਾਰਨ ਸਾਰੇ ਸਕੂਲ ਬੰਦ ਕਰ ਦਿੱਤੇ ਗਏ ਹਨ। ਮਿਸ਼ਨ ਵਿਚ ਵੀ ਸਕੂਲ ਬੰਦ ਕਰ ਦਿੱਤੇ ਗਏ ਹਨ।
ਹੜ੍ਹਾਂ ਕਾਰਨ ਹੋਪ ਤੋਂ ਅੱਗੇ ਹਾਈਵੇਅ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਹਨ। ਹਾਈਵੇਅਬੰਦ ਹੋਣ ਕਾਰਨ ਲਗਭਗ 500 ਟਰੱਕ ਇਸ ਰਸਤੇ ’ਚ ਫਸ ਗਏ ਹਨ ਅਤੇ ਕਈ ਪਰਿਵਾਰ ਵੀ ਆਪਣੀਆਂ ਕਾਰਾਂ ਸਮੇਤ ਇਸ ਇਲਾਕੇ ’ਚ ਘਿਰ ਗਏ।
ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਬੀ.ਸੀ. ਦੇ ਦੱਖਣੀ ਤਟ ਦੇ ਇਲਾਕੇ ’ਚ ਮੀਂਹ ਕਾਰਨ ਬਣੇ ਹਾਲਾਤ ’ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਹੈ ਕਿ ਮੈਰਿਟ ਅਤੇ ਬੀ.ਸੀ. ਦੇ ਹੋਰ ਇਲਾਕਿਆਂ ’ਚ ਹੜ੍ਹਾਂ ਦਾ ਸਾਹਮਣਾ ਕਰ ਰਹੇ ਲੋਕਾਂ ਦੀ ਸੁਰੱਖਿਆ ਲਈ ਫੈਡਰਲ ਸਰਕਾਰ ਵੱਲੋਂ ਸੂਬੇ ਦੀ ਹਰ ਪ੍ਰਕਾਰ ਦੀ ਮਦਦ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਮੁਸ਼ਕਿਲ ਘੜੀ ਵਿਚ ਫੈਡਰਲ ਸਰਕਾਰ ਪੂਰੀ ਤਰ੍ਹਾਂ ਸੂਬੇ ਦੇ ਨਾਲ ਹੈ।

Share