ਬੀ.ਬੀ.ਸੀ. ਦਸਤਾਵੇਜ਼ੀ ਲੜੀ ਵਿਵਾਦ: ਆਨਲਾਈਨ ਪਟੀਸ਼ਨ ‘ਚ ਨਿਰਪੱਖ ਜਾਂਚ ਦੀ ਮੰਗ

14

-ਪਟੀਸ਼ਨ ‘ਤੇ 25000 ਤੋਂ ਵੱਧ ਲੋਕਾਂ ਨੇ ਸਹੀ ਪਾਈ
– ‘ਸੰਪਾਦਕੀ ਨਿਰਪੱਖਤਾ ਦੇ ਸਿਖਰਲੇ ਮਿਆਰਾਂ’ ਨੂੰ ਪੂਰਾ ਕਰਨ ਵਿਚ ਨਾਕਾਮ ਰਹਿਣ ਲਈ ਬਰਤਾਨਵੀ ਬਰਾਡਕਾਸਟਰ ਦੀ ਨਿਖੇਧੀ ਕੀਤੀ
ਲੰਡਨ, 24 ਜਨਵਰੀ (ਪੰਜਾਬ ਮੇਲ)- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਾਰੇ ਬੀ.ਬੀ.ਸੀ. ਦੀ ਵਿਵਾਦਿਤ ਦਸਤਾਵੇਜ਼ੀ ਲੜੀ ਨੂੰ ਲੈ ਕੇ ਪਏ ਰੌਲੇ-ਰੱਪੇ ਦਰਮਿਆਨ ਯੂ.ਕੇ. ਵਿਚ ਇਕ ਨਵੀਂ ਆਨਲਾਈਨ ਪਟੀਸ਼ਨ ਰਾਹੀਂ ਬੀ.ਬੀ.ਸੀ. ਵੱਲੋਂ ਸਰਕਾਰੀ ਬਰਾਡਕਾਸਟਰ ਵਜੋਂ ਆਪਣੇ ਫ਼ਰਜ਼ ਨਿਭਾਉਣ ਵਿਚ ਕੀਤੀ ‘ਗੰਭੀਰ ਕੁਤਾਹੀ’ ਦੀ ਨਿਰਪੱਖ ਜਾਂਚ ਦੀ ਮੰਗ ਕੀਤੀ ਗਈ ਹੈ। ਇਸ ਆਨਲਾਈਨ ਪਟੀਸ਼ਨ ਉੱਤੇ 25000 ਤੋਂ ਵੱਧ ਲੋਕਾਂ ਨੇ ਸਹੀ ਪਾਈ ਹੈ। ਐਤਵਾਰ ਰਾਤ ਨੂੰ ਆਨਲਾਈਨ ਹੋਈ ਪਟੀਸ਼ਨ ਵਿਚ ਬੀ.ਬੀ.ਸੀ. ਦੀ ਦਸਤਾਵੇਜ਼ੀ ‘ਇੰਡੀਆ: ਦਿ ਮੋਦੀ ਕੁਐੱਸਚਨ’ ਦੀ ਨਿਰਪੱਖ ਜਾਂਚ ਦੀ ਮੰਗ ਕਰਦੇ ਹੋਏ ਸਰਕਾਰੀ ਬਰਾਡਕਾਸਟਰ ਵੱਲੋਂ ‘ਸੰਪਾਦਕੀ ਨਿਰਪੱਖਤਾ ਦੇ ਸਿਖਰਲੇ ਮਿਆਰਾਂ’ ਨੂੰ ਪੂਰਾ ਕਰਨ ਵਿਚ ਨਾਕਾਮ ਰਹਿਣ ਲਈ ਨਿਖੇਧੀ ਕੀਤੀ ਗਈ ਹੈ। ਪਟੀਸ਼ਨ ਵਿਚ ਕਿਹਾ ਗਿਆ ਹੈ ਕਿ ਦਸਤਾਵੇਜ਼ੀ ਲੜੀ, ਜਿਸ ਦਾ ਪਹਿਲਾ ਪਾਰਟ ਪਿਛਲੇ ਹਫ਼ਤੇ ਪ੍ਰਸਾਰਿਤ ਕੀਤਾ ਗਿਆ ਹੈ ਤੇ ਦੂਜਾ ਮੰਗਲਵਾਰ ਨੂੰ ਕੀਤਾ ਜਾਣਾ ਹੈ, ‘ਕੂੜਪ੍ਰਚਾਰ ਵਾਲੀ ਪੱਤਰਕਾਰੀ’ ਦਾ ਹਿੱਸਾ ਹੈ, ਜਿਸ ਰਾਹੀਂ ਬੀ.ਬੀ.ਸੀ. ਆਪਣੇ ਦਰਸ਼ਕਾਂ ਨੂੰ ਜਾਣਬੁੱਝ ਕੇ ਗੁੰਮਰਾਹ ਕਰ ਰਿਹਾ ਹੈ। ਪਟੀਸ਼ਨ ਵਿਚ ਬੀ.ਬੀ.ਸੀ. ਬੋਰਡ ਤੋਂ ਮੰਗ ਕੀਤੀ ਗਈ ਹੈ ਕਿ ਉਹ ਪਬਲਿਕ ਸਰਵਿਸ ਬਰਾਡਕਾਸਟਰ ਵਜੋਂ ਸੇਵਾਵਾਂ ਨਿਭਾਉਣ ਵਿਚ ਹੋਈ ਗੰਭੀਰ ਕੁਤਾਹੀ ਦੀ ਨਿਰਪੱਖ ਜਾਂਚ ਕਰੇ ਤੇ ਮਗਰੋਂ ਆਪਣੀਆਂ ਲੱਭਤਾਂ ਨੂੰ ਪ੍ਰਕਾਸ਼ਿਤ ਕਰੇ। ਪਟੀਸ਼ਨ ਵਿਚ ਯੂ.ਕੇ. ਦੇ ਨਿਰਪੱਖ ਮੀਡੀਆ ਨਿਗਰਾਨ- ਆਫ਼ਿਸ ਆਫ਼ ਕਮਿਊਨੀਕੇਸ਼ਨਜ਼ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਬੀ.ਬੀ.ਸੀ. ਦੀ ਜਵਾਬਦੇਹੀ ਨਿਰਧਾਰਿਤ ਕਰੇ। ਪਟੀਸ਼ਨ ‘ਤੇ ਸਹੀ ਪਾਉਣ ਵਾਲੇ ਵੱਡੀ ਗਿਣਤੀ ਲੋਕਾਂ ਨੇ ਵੀ ਦਸਤਾਵੇਜ਼ੀ ਨੂੰ ‘ਮੁਕੰਮਲ ਕੂੜਪ੍ਰਚਾਰ’ ਦੱਸਦਿਆਂ ਇਸ ‘ਵੈਰ-ਵਿਰੋਧ ਵਾਲੇ ਏਜੰਡੇ’ ਲਈ ਬੀ.ਬੀ.ਸੀ. ਦੀ ਨਿਖੇਧੀ ਕੀਤੀ ਹੈ। ਸਹੀਕਾਰਾਂ ਵਿੱਚੋਂ ਇਕ ਲਾਰਡ ਰਾਮੀ ਰੈਂਗਰ ਨੇ ਕਿਹਾ, ”ਬੀ.ਬੀ.ਸੀ. ਨੇ ਦੋ ਵਾਰ ਜਮਹੂਰੀ ਤਰੀਕੇ ਨਾਲ ਚੁਣੇ ਵਿਸ਼ਵ ਦੀ ਸਭ ਤੋਂ ਵੱਡੀ ਜਮਹੂਰੀਅਤ ਦੇ ਪ੍ਰਧਾਨ ਮੰਤਰੀ ਖਿਲਾਫ਼ ਝੂਠਾ ਬਿਰਤਾਂਤ ਸਿਰਜਿਆ ਹੈ।”