ਬੀ ਕੇ ਯੂ (ਏਕਤਾ ਉਗਰਾਹਾਂ) ਵੱਲੋਂ ਲਖੀਮਪੁਰ ਖ਼ੂਨੀ ਸਾਕੇ ਖ਼ਿਲਾਫ਼ 16 ਜ਼ਿਲ੍ਹਿਆਂ ‘ਚ ਡੀ ਸੀ ਦਫ਼ਤਰਾਂ ਅੱਗੇ ਰੋਹ ਭਰੇ ਵਿਖਾਵੇ

406
ਸੰਗਰੂਰ ਡੀਸੀ ਦਫ਼ਤਰ ਅੱਗੇ ਬੀ ਕੇ ਯੂ (ਏਕਤਾ ਉਗਰਾਹਾਂ ਵੱਲੋਂ ਲਗਾਇਆ ਧਰਨਾ।
Share

ਮਨਪ੍ਰੀਤ ਬਾਦਲ ਦੀ ਕੋਠੀ ਦਾ ਪਿੰਡ ਬਾਦਲ ਵਿਖੇ 5 ਅਕਤੂਬਰ ਨੂੰ ਹੋਏਗਾ ਘਿਰਾਓ
ਚੰਡੀਗੜ੍ਹ, 4 ਅਕਤੂਬਰ (ਦਲਜੀਤ ਕੌਰ ਭਵਾਨੀਗੜ੍ਹ/ਪੰਜਾਬ ਮੇਲ)- ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਨੇ ਅੱਜ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਪੰਜਾਬ ਦੇ 16 ਜ਼ਿਲ੍ਹਿਆਂ ਦੇ ਡੀ ਸੀ ਦਫ਼ਤਰਾਂ ਅੱਗੇ ਰੋਹ ਭਰੇ ਵਿਖਾਵੇ ਕਰਕੇ ਡਿਪਟੀ ਕਮਿਸ਼ਨਰਾਂ ਰਾਹੀਂ, ਭਾਰਤ ਦੇ ਰਾਸ਼ਟਰਪਤੀ ਸ਼੍ਰੀ ਰਾਮ ਨਾਥ ਕੋਵਿੰਦ ਨੂੰ ਮੰਗ ਪੱਤਰ ਭੇਜਕੇ ਲਖੀਮਪੁਰ ਵਿਖੇ ਕਿਸਾਨਾਂ ਤੇ ਕੀਤੇ ਗਏ ਹਮਲੇ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕਰਦਿਆਂ ਮੰਗ ਕੀਤੀ ਕਿ ਕੇਂਦਰੀ ਗ੍ਰਹਿ ਰਾਜ ਮੰਤਰੀ ਅਜੈ ਮਿਸ਼ਰਾ ਟੈਨੀ ਨੂੰ ਬਰਖ਼ਾਸਤ ਕੀਤਾ ਜਾਏ। ਉਹਨਾਂ ਵੱਲੋਂ ਕਿਸਾਨਾਂ ਉਪਰ ਹਿੰਸਕ ਹਮਲਾ ਕਰਨ ਅਤੇ ਫਿਰਕੂ ਨਫ਼ਰਤ ਫੈਲਾਉਣ ਦੇ ਦੋਸ਼ ਤਹਿਤ ਮੁਕੱਦਮਾ ਦਰਜ ਕੀਤਾ ਜਾਏ।
ਕੇਂਦਰੀ ਮੰਤਰੀ ਦੇ ਬੇਟੇ ਆਸ਼ੀਸ਼ ਮਿਸ਼ਰਾ ਮੋਨੂੰ ਅਤੇ ਉਸਦੇ ਨਾਲ ਗੁੰਡਾ ਗ੍ਰੋਹ ਖ਼ਿਲਾਫ਼ 302 ਦਾ ਪਰਚਾ ਦਰਜ਼ ਕਰਕੇ ਉਹਨਾਂ ਨੂੰ ਤੁਰੰਤ ਗ੍ਰਿਫ਼ਤਾਰ ਕੀਤਾ ਜਾਏ। ਇਸ ਹਿਰਦੇਵੇਦਕ ਖ਼ੂਨੀ ਘਟਨਾ ਦੀ ਜਾਂਚ ਸੁਪਰੀਮ ਕੋਰਟ ਦੀ ਨਿਗਰਾਨੀ ਹੇਠ ਐਸ ਆਈ ਟੀ ਦੁਆਰਾ ਕੀਤੀ ਜਾਏ। ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਜੋ ਸ਼ਰੇਆਮ ਕਿਸਾਨਾਂ ਉਪਰ ਹਿੰਸਕ ਹਮਲਿਆਂ ਲਈ ਨਿਜੀ ਲੁੱਟਮਾਰ ਟੋਲਿਆਂ ਨੂੰ ਸਰਕਾਰੀ ਸ਼ਹਿ ਅਤੇ ਥਾਪੜਾ ਦੇ ਰਹੇ ਹਨ ਉਹਨਾਂ ਨੂੰ ਤੁਰੰਤ ਕੁਰਸੀ ਤੋਂ ਲਾਂਭੇ ਕੀਤਾ ਜਾਏ।
ਦਿੱਲੀ ਟਿੱਕਰੀ ਬਾਰਡਰ ਅਤੇ ਪੰਜਾਬ ਦੇ 16 ਜ਼ਿਲ੍ਹਾ ਹੈਡਕੁਆਰਟਰਾਂ ਤੇ ਹੋਏ ਵਿਖਾਵਿਆਂ ਨੂੰ ਜੋਗਿੰਦਰ ਸਿੰਘ ਉਗਰਾਹਾਂ, ਸ਼ਿੰਗਾਰਾ ਸਿੰਘ ਮਾਨ, ਝੰਡਾ ਸਿੰਘ ਜੇਠੂਕੇ, ਅਮਰੀਕ ਸਿੰਘ ਗੰਢੂਆਂ, ਜਨਕ ਸਿੰਘ ਭੁਟਾਲ, ਜਗਤਾਰ ਸਿੰਘ ਕਾਲਾਝਾੜ, ਜਸਵਿੰਦਰ ਸਿੰਘ ਲੌਗੋਵਾਲ, ਮਨਜੀਤ ਸਿੰਘ ਨਿਆਲ, ਬਲਵਿੰਦਰ ਸਿੰਘ ਬੱਗੀ, ਚਮਕੌਰ ਸਿੰਘ ਨੈਣੇਵਾਲ, ਬਲੌਰ ਛੰਨਾ,ਗੁਰਭਗਤ ਸਿੰਘ ਛੰਨਾ, ਰਾਮ ਸਿੰਘ ਭੈਣੀ ਬਾਘਾ, ਗੁਰਮੀਤ ਸਿੰਘ ਮੋਗਾ, ਗੁਰਪਾਸ਼, ਗੁਰਭੇਜ ਸਿੰਘ, ਲਖਵਿੰਦਰ ਸਿੰਘ ਮੰਜਿਆਂਵਾਲੀ, ਕੁਲਦੀਪ ਸਿੰਘ, ਗੁਰਬਚਨ ਸਿੰਘ, ਮੋਹਣ ਸਿੰਘ ਬੱਲ, ਬਲਵੰਤ ਸਿੰਘ ਮਲਸੀਆਂ, ਸੌਦਾਗਰ ਸਿੰਘ ਘੁਡਾਣੀ ਕਲਾਂ, ਗੁਰਪ੍ਰੀਤ ਸਿੰਘ ਨੂਰਪੁਰ ਅਤੇ ਹਰਿੰਦਰ ਕੌਰ ਬਿੰਦੂ ਸਮੇਤ ਵੱਖ ਵੱਖ ਥਾਈਂ ਅੱਧੀ ਦਰਜਨ ਔਰਤ ਬੁਲਾਰਿਆਂ ਨੇ ਵੀ ਸੰਬੋਧਨ ਕੀਤਾ।
ਬੁਲਾਰਿਆਂ ਨੇ ਕਿਹਾ ਕਿ ਲਖੀਮਪੁਰ ਦੇ ਹਮਲੇ ਪਿੱਛੇ ਕੰਮ ਕਰਦੀ ਅਨੈਤਿਕ ਅਤੇ ਯੋਜਨਾਬੱਧ ਨੀਤੀ ਦੀਆਂ ਤਾਰਾਂ ਕੇਂਦਰੀ ਭਾਜਪਾ ਹਕੂਮਤ ਨਾਲ਼ ਜੁੜੀਆਂ ਹੋਈਆਂ ਹਨ।
ਬੁਲਾਰਿਆਂ ਨੇ ਕਿਹਾ ਕਿ ਲੰਮਾ ਦਮ ਰੱਖਕੇ, ਸਾਹਸ ਅਤੇ ਸਿਦਕ ਦਿਲੀ ਨਾਲ ਲੜੇ ਜਾ ਰਹੇ ਕਿਸਾਨ ਸੰਘਰਸ਼ ਨੇ ਮੋਦੀ ਹਕੂਮਤ ਦੇ ਪੈਰਾਂ ਹੇਠੋਂ ਜ਼ਮੀਨ ਖਿੱਚ ਲਈ ਹੈ। ਹਕੂਮਤ ਨੇ ਬਲ ਅਤੇ ਛਲ ਦੇ ਸਾਰੇ ਕੋਝੇ ਹਥਕੰਡੇ ਅਪਣਾਅ ਕੇ ਸਾਡੇ ਸਿਦਕ ਦੀ ਪਰਖ਼ ਕਰ ਲਈ ਹੈ। ਹੁਣ ਉਸ ਕੋਲ ਮੌਤ ਦਾ ਛੱਟਾ ਦੇਣ ਦਾ ਹੀ ਰਾਹ ਬਚਿਆ ਹੈ। ਉਹਨਾਂ ਕਿਹਾ ਕਿ ਧਰਤੀ ਜਾਏ ਸੂਰਮੇ ਲੋਕ, ਜਾਨਾਂ ਨਿਛਾਵਰ ਕਰਕੇ ਅਜਿਹੇ ਕੋਝੇ ਵਾਰਾਂ ਨੂੰ ਮਿੱਟੀ ਚ ਮਿਲਾਕੇ ਰੱਖ ਦੇਣਗੇ।
ਉਹਨਾਂ ਕਿਹਾ ਕਿ ਲਖੀਮਪੁਰ ਦੀ ਲਹੂ ਰੰਗੀ ਧਰਤੀ ਦਾ ਪੈਗਾਮ, ਜਾਰੀ ਰੱਖਣਾ ਹੈ ਸੰਗਰਾਮ ਨੂੰ ਜਿੱਤ ਤੱਕ ਬੁਲੰਦ ਰੱਖਿਆ ਜਾਏਗਾ। ਇਕੱਠਾਂ ਵਿੱਚ ਜਾਨਾਂ ਨਿਛਾਵਰ ਕਰਨ ਵਾਲੇ ਕਿਸਾਨਾਂ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਬੁਲਾਰਿਆਂ ਨੇ ਸ਼ਹੀਦਾਂ ਦੇ ਪਰਿਵਾਰਾਂ ਅਤੇ ਸਾਕ ਸਬੰਧੀਆਂ ਨਾਲ਼ ਗਹਿਰੇ ਦੁੱਖ਼ ਦਾ ਇਜ਼ਹਾਰ ਕੀਤਾ।
ਜਥੇਬੰਦੀ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਕਿਹਾ ਕਿ ਅਨੇਕਾਂ ਮੁਸ਼ਕਲਾਂ ਅਤੇ ਚੁਣੌਤੀਆਂ ਦੇ ਬਾਵਜੂਦ ਜਿੱਥੇ ਲਖੀਮਪੁਰ ਕਤਲੇਆਮ ਖ਼ਿਲਾਫ਼ ਡਟਵਾਂ ਘੋਲ ਲੜਿਆ ਜਾਏਗਾ ਉੱਥੇ ਪੰਜਾਬ ਦੇ ਪੰਜ ਜ਼ਿਲ੍ਹਿਆਂ ਵਿੱਚ ਨਰਮੇ ਦੀ ਸੁੰਡੀ ਵੱਲੋਂ ਮਚਾਈ ਤਬਾਹੀ ਦੇ ਭੰਨੇ ਕਿਸਾਨ ਮਜ਼ਦੂਰ 5 ਅਕਤੂਬਰ ਨੂੰ ਪੰਜਾਬ ਸਰਕਾਰ ਦੇ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੇ ਪਿੰਡ ਬਾਦਲ ਵਿਖੇ ਉਹਨਾਂ ਦੀ ਕੋਠੀ ਦਾ ਘਿਰਾਓ ਕਰਨ ਦਾ ਪਹਿਲਾਂ ਕੀਤਾ ਐਲਾਨ ਕਰ ਹਾਲਤ ਸਫ਼ਲਤਾ ਪੂਰਵਕ ਨੇਪਰੇ ਚਾੜ੍ਹਨਗੇ।

Share