ਬੀ.ਐੱਸ.ਐੱਫ. ਤੇ ਪੰਜਾਬ ਪੁਲਿਸ ਵੱਲੋਂ ਕੌਮਾਂਤਰੀ ਸਰਹੱਦ ਤੋਂ ਸਾਢੇ ਅੱਠ ਕਿੱਲੋ ਹੈਰੋਇਨ ਬਰਾਮਦ

348
Share

ਗੁਰਦਾਸਪੁਰ, 1 ਅਕਤੂਬਰ (ਪੰਜਾਬ ਮੇਲ)- ਬੀ.ਐੱਸ.ਐੱਫ. ਅਤੇ ਪੰਜਾਬ ਪੁਲਿਸ ਨੇ ਅੱਜ 89ਵੀਂ ਬਟਾਲੀਅਨ ਦੀ ਬੀ.ਓ.ਪੀ. ਰੋਸਾ ਤੋਂ ਸਾਢੇ ਅੱਠ ਕਿੱਲੋ ਹੈਰੋਇਨ ਬਰਾਮਦ ਕੀਤੀ ਹੈ। ਹੈਰੋਇਨ ਪਾਕਿਸਤਾਨੀ ਤਸਕਰਾਂ ਵੱਲੋਂ ਭਾਰਤ ਭੇਜੀ ਗਈ ਸੀ। ਬੀ.ਐੱਸ.ਐੱਫ. ਦੇ ਡੀ.ਆਈ.ਜੀ. ਪ੍ਰਭਾਕਰ ਜੋਸ਼ੀ ਅਤੇ ਐੱਸ.ਐੱਸ.ਪੀ. ਡਾ. ਨਾਨਕ ਸਿੰਘ ਨੇ ਸਾਂਝੇ ਤੌਰ ’ਤੇ ਦੱਸਿਆ ਬੀ.ਐੱਸ.ਐੱਫ. ਤੇ ਪੰਜਾਬ ਪੁਲਿਸ ਵੱਲੋਂ ਬੀ.ਓ.ਪੀ. ਰੋਸਾ ਦੇ ਖੇਤਰ ਵਿਚ ਪਾਕਿਸਤਾਨੀ ਤਸਕਰਾਂ ਵੱਲੋਂ ਰਾਵੀ ਦਰਿਆ ਪਾਰ ਕਰ ਕੇ ਭਾਰਤ ਵਾਲੇ ਪਾਸੇ ਭੇਜੀ 8 ਪੈਕੇਟ ਹੈਰੋਇਨ ਬਰਾਮਦ ਕੀਤੀ। ਇਸ ਹੈਰੋਇਨ ਨੂੰ ਪਾਕਿਸਤਾਨੀ ਮਾਅਰਕੇ ਵਾਲੀ ਬੋਰੀ ਵਿਚ ਪਾ ਕੇ ਭੇਜਿਆ ਸੀ। ਉਨ੍ਹਾਂ ਦੱਸਿਆ ਕਿ ਪਾਕਿ ਤਸਕਰਾਂ ਵੱਲੋਂ ਰਾਵੀ ਦਰਿਆ ਪਾਰ ਕਰ ਕੇ ਸਰਕੰਡੇ ’ਚ ਹੈਰੋਇਨ ਲੁਕਾਈ ਜਾਂਦੀ ਹੈ ਪਰ ਬੀ.ਐੱਸ.ਐੱਫ. ਦੇ ਚੌਕੰਨੇ ਜਵਾਨਾਂ ਵੱਲੋਂ ਸਮੇਂ-ਸਮੇਂ ’ਤੇ ਪਾਕਿ ਤਸਕਰਾਂ ਦੇ ਇਨ੍ਹਾਂ ਮਨਸੂਬਿਆਂ ਨੂੰ ਸਫਲ ਨਹੀਂ ਹੋਣ ਦਿੱਤਾ ਜਾਂਦਾ। ਐੱਸ.ਐੱਸ.ਪੀ. ਨੇ ਕਿਹਾ ਕਿ ਇਸ ਅਪ੍ਰੇਸ਼ਨ ਵਿਚ ਸ਼ਾਮਲ ਪੰਜਾਬ ਪੁਲਿਸ ਦੇ ਜਵਾਨਾਂ ਨੂੰ ਇਨਾਮ ਦਿੱਤਾ ਜਾਵੇਗਾ ਅਤੇ ਭਾਰਤੀ ਖੇਤਰ ਵਾਲੇ ਪਾਸੇ ਜੁੜੇ ਤਸਕਰਾਂ ਦੀ ਬਰੀਕੀ ਨਾਲ ਜਾਂਚ ਕਰਕੇ ਉਨ੍ਹਾਂ ਨੂੰ ਕਾਬੂ ਕੀਤਾ ਜਾਵੇਗਾ।

Share