ਕੋਰੋਨਾ ਦੌਰਾਨ ਲੰਗਰ ਦੀ ਸੇਵਾ ਲਈ ਖਰਚੀ ਗਈ ਇਕ ਰਕਮ
ਸਰੀ, 13 ਮਾਰਚ (ਹਰਦਮ ਮਾਨ/ਪੰਜਾਬ ਮੇਲ)- ਬੀਸੀ ਦੇ ਲੋਅਰਮੇਨਲੈਂਡ ਦੇ ਕੁਝ ਗੁਰਦੁਆਰਾ ਸਾਹਿਬਾਨ ਵੱਲੋਂ ਕੋਰੋਨਾ ਦੌਰਾਨ ਲੰਗਰ ਵਾਸਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਇੱਕ ਲੱਖ ਡਾਲਰ ਭੇਜੇ ਗਏ ਸਨ ਅਤੇ ਹੁਣ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਸ ਰਾਸ਼ੀ ਦੀ ਲੰਗਰ ਲਈ ਕੀਤੀ ਵਰਤੋਂ ਸੰਬੰਧੀ ਸਰਟੀਫਿਕੇਟ ਇਨ੍ਹਾਂ ਗੁਰਦੁਆਰਾ ਸਾਹਿਬਾਨ ਨੂੰ ਭੇਜਿਆ ਗਿਆ ਹੈ।
ਇਹ ਜਾਣਕਾਰੀ ਦਿੰਦਿਆਂ ਖ਼ਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਦੇ ਜਨਰਲ ਸਕੱਤਰ ਜਰਨੈਲ ਸਿੰਘ ਭੰਡਾਲ ਨੇ ਦੱਸਿਆ ਹੈ ਕਿ ਇਹ ਇੱਕ ਲੱਖ ਡਾਲਰ ਭੇਜਣ ਵਿੱਚ ਖ਼ਾਲਸਾ ਦੀਵਾਨ ਸੁਸਾਇਟੀ ਵੈਨਕੂਵਰ, ਅਕਾਲੀ ਸਿੰਘ ਸਿੱਖ ਸੁਸਾਇਟੀ, ਗੁਰੂ ਰਵੀਦਾਸ ਸਭਾ ਬਰਨਬੀ, ਬੀਅਰ ਕਰੀਕ ਗੁਰਦੁਆਰਾ ਸਾਹਿਬ, ਖ਼ਾਲਸਾ ਦੀਵਾਨ ਸੁਸਾਇਟੀ ਸਰੀ, ਗੁਰਦੁਆਰਾ ਬਰੁੱਕਸਾਈਡ ਸਾਹਿਬ ਸਰੀ, ਖ਼ਾਲਸਾ ਦੀਵਾਨ ਸੁਸਾਇਟੀ ਵਿਕਟੋਰੀਆ ਅਤੇ ਅਲਬਰਨੀ ਵੈਲੀ ਗੁਰਦੁਆਰਾ ਪੋਰਟ ਅਲਬਰਨੀ ਨੇ ਆਪਣਾ ਯੋਗਦਾਨ ਪਾਇਆ ਸੀ।
ਸਰਦਾਰ ਭੰਡਾਲ ਨੇ ਦੱਸਿਆ ਕਿ ਇਹ ਇੱਕ ਲੱਖ ਡਾਲਰ ਦਿੱਲੀ ਸਿੱਖ ਗੁਰਦੁਆਰਾ ਕਮੇਟੀ ਨੂੰ ਕੋਵਿਡ-19 ਦੇ ਦੌਰਾਨ ਲੋੜਵੰਦ ਸੰਗਤਾਂ ਦੀ ਜ਼ਰੂਰਤ ਵਾਸਤੇ ਭੇਜੇ ਗਏ ਸਨ. ਗੁਰਦੁਆਰਾ ਦੇ ਸੰਵਿਧਾਨ ਅਨੁਸਾਰ ਲੋੜਵੰਦ ਭਾਰਤੀਆਂ ਨੂੰ ਲੰਗਰ ਦੀ ਜ਼ਰੂਰਤ ਵਾਸਤੇ ਹੀ ਰਾਸ਼ੀ ਭੇਜੀ ਜਾ ਸਕਦੀ ਸੀ, ਜੋ ਕਾਨੂੰਨੀ ਤੌਰ ਤੇ ਭੇਜੀ ਗਈ ਸੀ। ਇਸ ਕਾਰਜ ਲਈ ਕੈਨੇਲਾ ਰੈਵੀਨਿਊ ਏਜੰਸੀ ਤੋਂ ਵੀ ਕਾਨੂੰਨੀ ਤੌਰ ਤੇ ਆਗਿਆ ਲਈ ਗਈ ਸੀ। ਉਨ੍ਹਾਂ ਕਿਹਾ ਕਿ ਇਹ ਖ਼ੁਸ਼ੀ ਦੀ ਖ਼ਬਰ ਹੈ ਕਿ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧ ਕਮੇਟੀ ਵੱਲੋਂ ਇਹ ਰਾਸ਼ੀ ਲੋੜਵੰਦਾਂ ਦੀ ਸੇਵਾ ਵਾਸਤੇ ਖਰਚੀ ਗਈ ਹੈ ਅਤੇ ਇਸ ਦੀ ਵਰਤੋਂ ਦਾ ਸਰਟੀਫਿਕੇਟ ਵੀ ਕਮੇਟੀ ਵੱਲੋਂ ਭੇਜਿਆ ਗਿਆ ਹੈ।
ਇਸੇ ਦੌਰਾਨ ਖ਼ਾਲਸਾ ਦੀਵਾਨ ਸੁਸਾਇਟੀ ਵੈਨਕੂਵਰ ਦੇ ਮੁੱਖ ਸੇਵਾਦਾਰ ਭਾਈ ਮਲਕੀਅਤ ਸਿੰਘ ਧਾਮੀ ਅਤੇ ਉਕਤ ਸਭਨਾਂ ਗੁਰਦੁਆਰਿਆਂ ਦੇ ਪ੍ਰਬੰਧਕਾਂ ਨੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਧੰਨਵਾਦ ਕੀਤਾ ਹੈ।