ਬੀਬੀ ਕੁਲਵੰਤ ਕੌਰ ਨੇ ਧਰਮ ਅਧਿਅਨ ਦੇ ਵਿਦਿਆਰਥੀਆਂ ਨੂੰ ਸੰਬੋਧਨ ਕੀਤਾ

659
Share


ਖਡੂਰ ਸਾਹਿਬ, 16 ਮਾਰਚ (ਪੰਜਾਬ ਮੇਲ)- ਜਿਲਾ ਫਤਹਿਗੜ ਸਾਹਿਬ ਦੇ ਪਿੰਡ ਮਨੈਲਾ ਨਾਲ ਸੰਬੰਧਤ ਬੀਬੀ ਕੁਲਵੰਤ ਕੌਰ ਨੇ ਅੱਜ ਇਥੇ ਕਾਰ ਸੇਵਾ ਖਡੂਰ ਸਾਹਿਬ ਦੀ ਸਰਪ੍ਰਸਤੀ ਅਧੀਨ ਚਲਦੀ ਸੰਸਥਾ ‘ਨਿਸ਼ਾਨ-ਏ-ਸਿੱਖੀ’ ਦੇ ਆਡੀਟੋਰੀਅਮ ਹਾਲ ਵਿਖੇ ਧਰਮ ਅਧਿਅਨ ਵਿਭਾਗ ਦੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਜ਼ੁਬਾਨੀ ਯਾਦ ਕੀਤਾ ਸਿੱਖ ਇਤਿਹਾਸ ਅਤੇ ਸੈਂਕੜੇ ਸਿੱਖ ਸ਼ਹੀਦਾਂ ਦੇ ਨਾਮ ਸਰਵਣ ਕਰਵਾਏ।ਇਨ੍ਹਾਂ ਵਿਚ ਬਹੁਤ ਸਾਰੇ ਗੁੰਮਨਾਮ ਸਿੱਖ ਸ਼ਹੀਦਾਂ ਦੇ ਨਾਮ ਵੀ ਸ਼ਾਮਲ ਸਨ, ਜਿਹੜੇ ਸਿੱਖ ਚੇਤਿਆਂ ‘ਚੋਂ ਚਰੋਕੇ ਵਿਸੱਰ ਚੁੱਕੇ ਹਨ।ਇਸ ਦੌਰਾਨ ਬੀਬੀ ਕੁਲਵੰਤ ਕੌਰ ਨੇ ਸਿੱਖ ਪਰਿਵਾਰਾਂ ਵਿਚ ਪੀੜ੍ਹੀ ਦਰ ਪੀੜ੍ਹੀ ਗਿਆਨ ਦੇ ਪਰਵਾਹ ਦੀ ਰਵਾਇਤ ਨੂੰ ਜਾਰੀ ਰੱਖਣ ‘ਤੇ ਜ਼ੋਰ ਦਿੱਤਾ ਅਤੇ ਪੜ੍ਹੇ ਲਿਖੇ ਨੌਜਵਾਨਾਂ ਤੋਂ ਇਸ ਰਵਾਇਤ ਨੂੰ ਅਗੇ ਤੋਰਨ ਲਈ ਸਮਰਥਨ ਦੀ ਤਵੱਕੋ ਵੀ ਕੀਤੀ।
   ਇਸ ਮੌਕੇ ਉਨ੍ਹਾਂ ਨੇ ਗੁਰੂ ਅੰਗਦ ਦੇਵ ਜੀ,ਗੁਰੂ ਅਮਰਦਾਸ ਜੀ ਅਤੇ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਜੀ ਦੇ ਪ੍ਰਿਵਾਰਕ ਪਿਛੋਕੜ ਦਾ ਵਿਸਥਾਰ ਵਿਚ ਜ਼ਿਕਰ ਕੀਤਾ। ਉਨ੍ਹਾਂ ਬਾਬਾ ਦੀਪ ਸਿੰਘ ਜੀ ਦੇ ਪ੍ਰਿਵਾਰਕ ਪਿਛੋਕੜ ਅਤੇ ਉਨ੍ਹਾਂ ਦੇ ਨਾਲ ਹੋਏ ਸ਼ਹੀਦਾਂ, 40 ਮੁਕਤਿਆਂ ਨਾਲ ਸੰਬੰਧਤ ਇਤਿਹਾਸ ਅਤੇ ਸ੍ਰੀ ਚਮਕੌਰ ਸਾਹਿਬ ਵਿਚ ਗੁਰੂ ਗੋਬਿੰਦ ਸਿੰਘ ਜੀ ਦੇ ਵੱਡੇ ਸਾਹਿਬਜਾਦਿਆਂ ਨਾਲ ਸ਼ਹੀਦ ਹੋਏ ਸਿੰਘਾਂ ਦਾ ਵੀ ਵਿਸਥਾਰ ਨਾਲ ਚਰਚਾ ਕੀਤਾ। ਉਪਰੋਕਤ ਤੋਂ ਇਲਾਵਾ ਉਨ੍ਹਾਂ ਗੁਰੂ ਗਰੰਥ ਸਾਹਿਬ ਵਿਚ ਮੌਜੂਦ ਭਗਤ ਸਾਹਿਬਾਨ ਅਤੇ ਭੱਟਾਂ ਦੀ ਬਾਣੀ ਬਾਰੇ ਵੀ ਵਿਸਥਾਰ ਵਿਚ ਦੱਸਿਆ। ਯਾਦ ਰਹੇ ਬੀਬੀ ਕੁਲਵੰਤ ਕੌਰ ਦੀ ਰਸਮੀ ਵਿੱਦਿਆ ਸਿਰਫ ਚੌਥੀ ਜਮਾਤ ਤੱਕ ਹੈ ਪਰ ਉਨ੍ਹਾਂ ਦਾ ਸਿੱਖ ਇਤਿਹਾਸ ਬਾਰੇ ਗਿਆਨ ਹੈਰਾਨ ਕਰਨ ਵਾਲਾ ਹੈ।ਇਸ ਦੌਰਾਨ ਬਾਬਾ ਸੇਵਾ ਸਿੰਘ ਜੀ ਵਲੋਂ ਉਨ੍ਹਾਂ ਦਾ ਸਨਮਾਨ ਵੀ ਕੀਤਾ ਗਿਆ।ਇਸ ਮੌਕੇ ਸ੍ਰੀ ਗੁਰੂ ਅੰਗਦ ਦੇਵ ਇੰਸਟੀਚਿਊਟ ਆਫ ਰਿਲੀਜੀਅਸ ਸਟਡੀਜ਼ ਦੇ ਵਿਦਿਆਰਥੀਆਂ ਤੋਂ ਇਲਾਵਾ ਸ੍ਰੀ ਗੁਰਦਿਆਲ ਸਿੰਘ ਖਹਿਰਾ,ਬਾਬਾ ਬਲਦੇਵ ਸਿੰਘ,ਭਾਈ ਵਰਿਆਮ ਸਿੰਘ, ਸ.ਬਲਦੇਵ ਸਿੰਘ ਸੰਧੂ, ਭਾਈ ਵਿਕਰਮਜੀਤ ਸਿੰਘ, ਭਾਈ ਪਰਮਿੰਦਰ ਸਿੰਘ ਆਦਿ ਮੌਜੂਦ ਸਨ।


Share