ਬੀਬੀਐੱਮਬੀ ਮਾਮਲਾ: ਅਮਿਤ ਸ਼ਾਹ ਤੋਂ ਚੰਨੀ ਨੇ ਮੰਗਿਆ ਸਮਾਂ

163
Share

ਚੰਡੀਗੜ੍ਹ, 7 ਮਾਰਚ (ਪੰਜਾਬ ਮੇਲ)-  ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਆਖਰ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਚੋਂ ਪੰਜਾਬ ਦੀ ਸਥਾਈ ਮੈਂਬਰੀ ਖਤਮ ਕਰਨ ਦੇ ਮਾਮਲੇ ’ਤੇ ਚੁੱਪ ਤੋੜੀ ਹੈ। ਕਰੀਬ 14 ਦਿਨਾਂ ਮਗਰੋਂ ਮੁੱਖ ਮੰਤਰੀ ਚੰਨੀ ਨੇ ਇਸ ਮਾਮਲੇ ’ਤੇ ਧਿਆਨ ਕੇਂਦਰਿਤ ਕੀਤਾ ਹੈ। ਮੁੱਖ ਮੰਤਰੀ ਚੰਨੀ ਨੇ ਬੀਬੀਐੱਮਬੀ ਮਾਮਲੇ ਅਤੇ ਯੂਕਰੇਨ ਵਿਚ ਫਸੇ ਵਿਦਿਆਰਥੀਆਂ ਦੇ ਮੁੱਦੇ ’ਤੇ ਗੱਲਬਾਤ ਲਈ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਤੋਂ ਸਮਾਂ ਮੰਗਿਆ ਹੈ।

ਪੰਜਾਬ ’ਚ ਰਾਜਸੀ ਧਿਰਾਂ ਅਤੇ ਕਿਸਾਨ ਧਿਰਾਂ ਵੱਲੋਂ ਬੀਬੀਐੱਮਬੀ ਮਾਮਲੇ ’ਤੇ ਕੇਂਦਰ ਸਰਕਾਰ ਖ਼ਿਲਾਫ਼ ਜ਼ੋਰਦਾਰ ਸੰਘਰਸ਼ ਵਿੱਢ ਦਿੱਤਾ ਹੈ। ਕਿਸਾਨ ਧਿਰਾਂ ਵੱਲੋਂ ਤਾਂ ਪੰਜਾਬ ਭਰ ਵਿਚ ਰੋਸ ਮੁਜ਼ਾਹਰੇ ਕੀਤੇ ਜਾ ਰਹੇ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਮੁੱਖ ਮੰਤਰੀ ਚੰਨੀ ਨੇ ਕੇਂਦਰੀ ਗ੍ਰਹਿ ਮੰਤਰੀ ਤੋਂ ਹੁਣ ਸਮਾਂ ਮੰਗਿਆ ਹੈ। ਸਮਾਂ ਮਿਲਣ ’ਤੇ ਮੁੱਖ ਮੰਤਰੀ ਦਿੱਲੀ ਗੱਲਬਾਤ ਲਈ ਜਾਣਗੇ। ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਸੁਨੀਲ ਜਾਖੜ ਵੱਲੋਂ ਮੁੱਖ ਮੰਤਰੀ ਚੰਨੀ ਨੂੰ ਪੱਤਰ ਵੀ ਲਿਖਿਆ ਗਿਆ ਸੀ। ਇਸਤੋਂ ਪਹਿਲਾਂ ਜਾਖੜ ਦੇ ਪੱਤਰ ’ਤੇ ਚੰਨੀ ਨੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਸੀ। ਹੁਣ ਜਦੋਂ ਚਾਰੇ ਪਾਸਿਓਂ ਬੀਬੀਐੱਮਬੀ ਮਾਮਲੇ ’ਚ ਦਬਾਅ ਬਣਨ ਲੱਗਾ ਹੈ ਅਤੇ ਵਿਰੋਧੀ ਧਿਰਾਂ ਵੱਲੋਂ ਮੁੱਖ ਮੰਤਰੀ ਦੀ ਚੁੱਪ ’ਤੇ ਸਵਾਲ ਚੁੱਕੇ ਜਾਣ ਲੱਗੇ ਤਾਂ ਮੁੱਖ ਮੰਤਰੀ ਦਫਤਰ ਵੱਲੋਂ ਕੇਂਦਰੀ ਗ੍ਰਹਿ ਮੰਤਰੀ ਤੋਂ ਮੀਟਿੰਗ ਲਈ ਸਮਾਂ ਮੰਗਿਆ ਗਿਆ ਹੈ। ਪੰਜਾਬ ਵਿਧਾਨ ਸਭਾ ਦੇ ਸਪੀਕਰ ਰਾਣਾ ਕੇਪੀ ਸਿੰਘ 28 ਫਰਵਰੀ ਨੂੰ ਪੰਜਾਬ ਦੇ ਰਾਜਪਾਲ ਨੂੰ ਮੰਗ ਪੱਤਰ ਦੇ ਚੁੱਕੇ ਹਨ। ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਪ੍ਰਧਾਨ ਸੁਖਦੇਵ ਸਿੰਘ ਢੀਂਡਸਾ ਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਵੀ ਇਸ ਮਾਮਲੇ ’ਚ ਇਤਰਾਜ਼ ਜਤਾ ਚੁੱਕੇ ਹਨ।

ਸਿੱਧੂ ਅਜੇ ਵੀ ਚੁੱਪ : ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੀ ਬਣਤਰ ਵਿਚ ਬਦਲਾਅ ਦੇ ਮਾਮਲੇ ’ਚ ਹਾਲੇ ਵੀ ਖਾਮੋਸ਼ ਹਨ। ਸੰਘੀ ਢਾਂਚੇ ’ਤੇ ਕੇਂਦਰੀ ਹੱਲੇ ਨਾਲ ਜੁੜੇ ਇਸ ਮਾਮਲੇ ’ਤੇ ਨਵਜੋਤ ਸਿੱਧੂ ਦੀ ਚੁੱਪ ਰਾਜਸੀ ਹਲਕਿਆਂ ਨੂੰ ਰੜਕ ਰਹੀ ਹੈ। ਨਵਜੋਤ ਸਿੱਧੂ ਵੱਲੋਂ ਇਸ ਮੁੱਦੇ ’ਤੇ ਹਾਲੇ ਤੱਕ ਇੱਕ ਟਵੀਟ ਵੀ ਨਹੀਂ ਕੀਤਾ ਗਿਆ ਹੈ। ਸੂਤਰ ਆਖਦੇ ਹਨ ਕਿ ਨਵਜੋਤ ਸਿੱਧੂ ਇਸ ਮਾਮਲੇ ਨੂੰ ਸੰਜੀਦਗੀ ਨਾਲ ਨਹੀਂ ਲੈ ਰਹੇ ਹਨ ਜਾਂ ਫਿਰ ਉਨ੍ਹਾਂ ਦਾ ਪੰਜਾਬ ਦੇ ਹਿਤਾਂ ਨਾਲੋਂ ਮੋਹ ਭੰਗ ਹੋ ਗਿਆ ਜਾਪਦਾ ਹੈ।


Share