ਬੀਤੇ 5 ਸਾਲਾਂ ’ਚ 2.62 ਲੱਖ ਵਿਦਿਆਰਥੀਆਂ ਨੇ ਵਿਦੇਸ਼ ਪੜ੍ਹਨ ਲਈ ਛੱਡਿਆ ਪੰਜਾਬ

262
Share

-ਰੋਜ਼ਾਨਾ ਔਸਤਨ 140 ਵਿਦਿਆਰਥੀ ਛੱਡ ਰਹੇ ਨੇ ਪੰਜਾਬ!
ਨਿਊਯਾਰਕ/ਟੋਰਾਂਟੋ, 27 ਜੁਲਾਈ (ਰਾਜ ਗੋਗਨਾ/ਪੰਜਾਬ ਮੇਲ)- ਅੰਕੜਿਆਂ ਮੁਤਾਬਕ ਪਿਛਲੇ 5 ਸਾਲਾਂ ਦੌਰਾਨ 2.62 ਲੱਖ ਵਿਦਿਆਰਥੀਆਂ ਨੇ ਵਿਦੇਸ਼ ਪੜ੍ਹਨ ਲਈ ਪੰਜਾਬ ਨੂੰ ਛੱਡਿਆ ਹੈ। ਇਸ ਸਮੇਂ ਭਾਰਤ ਦੇ ਸੂਬੇ ਆਂਧਰਾ ਪ੍ਰਦੇਸ਼ ਦਾ ਨੰਬਰ ਸਟੱਡੀ ਵੀਜ਼ਾ ਲੈਣ ਵਾਲੇ ਸੂਬਿਆਂ ਵਿਚੋਂ ਪਹਿਲੇ ਨੰਬਰ ’ਤੇ ਹੈ ਅਤੇ ਪੰਜਾਬ ਦੂਜੇ ਨੰਬਰ ’ਤੇ ਹੈ। ਸਾਲ 2019 ਦੌਰਾਨ ਪੰਜਾਬ ਦਾ ਸਥਾਨ ਪਹਿਲਾ ਸੀ। ਜੇਕਰ ਕੋਵਿਡ ਮਹਾਮਾਰੀ ਨਾ ਆਉਂਦੀ, ਤਾਂ ਇਹ ਅੰਕੜਾ ਇਸ ਤੋਂ ਵੀ ਵੱਧ ਹੋਣਾ ਸੀ। ਰੋਜ਼ਾਨਾ ਦੀ ਇਹ ਔਸਤ 140 ਵਿਦਿਆਰਥੀ ਬਣਦੀ ਹੈ। ਉਕਤ ਸਮੇਂ ਦੌਰਾਨ ਭਾਰਤ ਵਿਚੋਂ 21.96 ਲੱਖ ਵਿਦਿਆਰਥੀ ਵਿਦੇਸ਼ ਪੜ੍ਹਨ ਲਈ ਗਏ ਸਨ, ਜਿਸ ਵਿਚ 2.62 ਲੱਖ ਇਕੱਲੇ ਪੰਜਾਬ ਦੇ ਹੀ ਹਨ।
ਪੰਜਾਬੀ ਵਿਦਿਆਰਥੀਆ ਲਈ ਪਹਿਲੀ ਪਸੰਦ ਕੈਨੇਡਾ ਬਣਿਆ ਹੋਇਆ ਹੈ। ਪੰਜਾਬ ਦੇ ਗੁਆਂਢੀ ਸੂਬੇ ਹਰਿਆਣਾ ਦੀ ਗੱਲ ਕਰੀਏ, ਤਾਂ ਇਸ ਸਮੇਂ ਦੌਰਾਨ ਹਰਿਆਣਾ ਤੋਂ 42,113 ਵਿਦਿਆਰਥੀ ਸਟੱਡੀ ਵੀਜ਼ਾ ’ਤੇ ਗਏ ਹਨ। ਮਤਲਬ ਪੰਜਾਬ ਦੀ ਤੁਲਣਾ ’ਚ ਹਰਿਆਣੇ ਵਿਚ ਇਹ ਰੁਝਾਨ ਕਾਫ਼ੀ ਘੱਟ ਹੈ। ਇਸ ਤੋਂ ਇਲਾਵਾ ਹੋਰ ਢੰਗ ਤਰੀਕਿਆਂ ਨਾਲ ਪੰਜਾਬ ਤੋਂ ਵਿਦੇਸ਼ ਜਾਣ ਦੀ ਗਿਣਤੀ ਵੱਖਰੀ ਹੈ। ਪੰਜਾਬ ਦੀ ਹਾਕਮ ਜਮਾਤ ਦੀ ਗੱਲ ਕਰੀਏ ਤਾਂ ਦੋਵੇਂ ਰਵਾਇਤੀ ਪਾਰਟੀਆਂ ਆਪਣੇ-ਆਪਣੇ ਕਾਰਜਕਾਲ ਦੌਰਾਨ ਲੱਖਾਂ ਨੌਕਰੀਆਂ ਦੇਣ ਦੀਆਂ ਗੱਲਾਂ ਕਰ ਰਹੀਆਂ ਹਨ। ਸਰਕਾਰੀ ਵਿਭਾਗਾਂ ਵਿਚ ਕੰਮ ਕਰ ਰਹੇ ਖ਼ਾਸਕਰ ਅਫ਼ਸਰ ਸ਼ਾਹੀ ਅਤੇ ਪੁਲਿਸ ਮੁਲਾਜ਼ਮਾਂ ਨੇ ਵੀ ਆਪਣੇ ਬੱਚਿਆਂ ਨੂੰ ਵੱਡੇ ਪੱਧਰ ’ਤੇ ਪੜ੍ਹਨ ਲਈ ਵਿਦੇਸ਼ ਭੇਜਿਆ ਹੋਇਆ ਹੈ, ਭਾਵੇਂ ਕਿ ਨੌਕਰੀਆਂ ਮੰਗ ਰਹੇ ਨੌਜਵਾਨਾਂ ’ਤੇ ਉੱਥੇ ਡਾਂਗ ਫੇਰਨ ’ਚ ਇਹ ਜ਼ਰਾ ਵੀ ਢਿੱਲ ਨਹੀਂ ਵਰਤਦੇ।

Share