ਬਿ੍ਰਟਿਸ਼ ਕੋਲੰਬੀਆ ’ਚ ਦਸਤਾਰਧਾਰੀ ਕਾਮਿਆਂ ਲਈ ਵਰਕ ਸੇਫ਼ ਬੀ.ਸੀ. ਵੱਲੋਂ ਸੇਫਟੀ ਰੈਗੂਲੇਸ਼ਨ ’ਚ ਤਬਦੀਲੀ

153
Share

-ਕੰਮ ਵਾਲੀਆਂ ਕੁੱਝ ਥਾਵਾਂ ’ਤੇ ਲੋਹ ਟੋਪ ਪਾਉਣ ਤੋਂ ਮਿਲੇਗੀ ਛੋਟ
ਐਬਟਸਫੋਰਡ, 6 ਜੂਨ (ਪੰਜਾਬ ਮੇਲ)-ਬਿ੍ਰਟਿਸ਼ ਕੋਲੰਬੀਆ ’ਚ ਕੰਮਾਂ ਵਾਲੀਆਂ ਥਾਵਾਂ ’ਤੇ ਕਾਮਿਆਂ ਦੀ ਸੁਰੱਖਿਆ ਯਕੀਨੀ ਬਣਾਉਣ ਵਾਸਤੇ ਬਣਾਏ ਗਏ ਸਰਕਾਰੀ ਵਿਭਾਗ ਵਰਕ ਸੇਫ਼ ਬੀ.ਸੀ. ਨੇ ਆਕੂਪੇਸ਼ਨਲ ਹੈਲਥ ਐਂਡ ਸੇਫ਼ਟੀ ਰੈਗੂਲੇਸ਼ਨ ਵਿਚ ਤਬਦੀਲੀ ਕਰਦੇ ਹੋਏ ਕੰਮ ਵਾਲੀਆਂ ਕੁਝ ਖ਼ਾਸ ਥਾਵਾਂ ’ਤੇ ਦਸਤਾਰਧਾਰੀ ਸਿੱਖਾਂ ਨੂੰ ਕੰਮ ਕਰਦੇ ਸਮੇਂ ਲੋਹ ਟੋਪ ਪਹਿਨਣ ਤੋਂ ਛੋਟ ਦੇ ਦਿੱਤੀ ਹੈ। ਇਹ ਨਵੇਂ ਨਿਯਮ 1 ਸਤੰਬਰ ਤੋਂ ਲਾਗੂ ਹੋਣਗੇ ਪਰ ਉਨ੍ਹਾਂ ਵਲੋਂ ਇਹ ਵੀ ਕਿਹਾ ਗਿਆ ਕਿ ਜਿਥੇ ਕਾਮੇ ਦੇ ਸਿਰ ’ਤੇ ਸੱਟ ਲੱਗਣ ਦਾ ਖ਼ਤਰਾ ਜ਼ਿਆਦਾ ਹੋਵੇਗਾ, ਤਾਂ ਸਬੰਧਿਤ ਅਦਾਰੇ ਦੇ ਮਾਲਕ ਨੂੰ ਇਹ ਖੁੱਲ੍ਹ ਹੋਵੇਗੀ ਕਿ ਉਹ ਕਾਮੇ ਨੂੰ ਲੋਹ ਟੋਪ ਪਹਿਨਣ ਵਾਸਤੇ ਕਹਿ ਸਕਦਾ ਹੈ। ਸੂਬੇ ਦੇ ਕਿਰਤ ਮੰਤਰੀ ਹਰਕੰਵਲ ਸਿੰਘ ਹੈਰੀ ਬੈਂਸ ਨੇ ਦੱਸਿਆ ਕਿ ਦਸਤਾਰਧਾਰੀ ਸਿੱਖ ਕਿਰਤੀਆਂ ਦੀ ਇਹ ਚਿਰੋਕਣੀ ਮੰਗ ਸੀ ਕਿ ਬਹੁਤ ਸਾਰੇ ਅਦਾਰਿਆਂ ਦੇ ਮਾਲਕ ਉਨ੍ਹਾਂ ਸਾਰੇ ਹੀ ਕਾਮਿਆਂ ਨੂੰ ਲੋਹ ਟੋਪ ਪਵਾਉਂਦੇ ਹਨ, ਜਿਥੇ ਸੱਟ ਲੱਗਣ ਦਾ ਬਿਲਕੁਲ ਕੋਈ ਖ਼ਤਰਾ ਨਹੀਂ ਹੁੰਦਾ। 2019 ਵਿਚ ਉਨ੍ਹਾਂ ਨੇ ਵਰਕ ਸੇਫ਼ ਬੀ.ਸੀ. ਨੂੰ ਇਸ ’ਤੇ ਗੌਰ ਕਰਨ ਲਈ ਬੇਨਤੀ ਕੀਤੀ ਸੀ, ਜੋ ਹੁਣ ਪ੍ਰਵਾਨ ਕਰ ਲਈ ਗਈ ਹੈ।

Share