ਨਵੀਂ ਦਿੱਲੀ, 25 ਸਤੰਬਰ (ਪੰਜਾਬ ਮੇਲ)- ਚੋਣ ਕਮਿਸ਼ਨ ਨੇ ਅੱਜ ਬਿਹਾਰ ਵਿਧਾਨ ਸਭਾ ਚੋਣਾਂ ਦਾ ਐਲਾਨ ਕਰ ਦਿੱਤਾ ਹੈ। ਚੋਣਾਂ ਤਿੰਨ ਗੇੜਾਂ ਵਿੱਚ ਹੋਣਗੀਆਂ। ਪਹਿਲਾ ਗੇੜ 28 ਅਕਤੂਬਰ ਨੂੰ ਹੋਵੇਗਾ। ਮੁੱਖ ਚੋਣ ਕਮਿਸ਼ਨਰ ਸੁਨੀਲ ਅਰੋੜਾ ਨੇ ਅੱਜ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕਰੋਨਾ ਵਾਇਰਸ ਦੇ ਯੁੱਗ ਵਿੱਚ ਦੇਸ਼ ਵਿੱਚ ਇਹ ਪਹਿਲੀ ਵੱਡੀ ਚੋਣ ਹੈ। ਸ੍ਰੀ ਅਰੋੜਾ ਨੇ ਕਿਹਾ ਕਿ ਇਸ ਚੋਣ ਵਿੱਚ ਨਾਮਜ਼ਦਗੀ ਪੱਤਰ ਹੁਣ ਆਨਲਾਈਨ ਵੀ ਭਰੇ ਜਾ ਸਕਦੇ ਹਨ। ਆਫਲਾਈਨ ਦੀ ਵਿਵਸਥਾ ਵੀ ਹੋਵੇਗੀ। ਨਾਲ ਹੀ ਸਮਾਜਿਕ ਦੂਰੀ ਲਈ ਪੂਰਾ ਧਿਆਨ ਦਿੱਤਾ ਜਾਵੇਗਾ। ਵੋਟਿੰਗ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ ਹੋਵੇਗੀ। 243 ਮੈਂਬਰੀ ਬਿਹਾਰ ਵਿਧਾਨ ਸਭਾ ਦਾ ਕਾਰਜਕਾਲ 29 ਨਵੰਬਰ ਨੂੰ ਖਤਮ ਹੋ ਰਿਹਾ ਹੈ।
ਬਿਹਾਰ ਵਿਚ ਕੁੱਲ 243 ਵਿਧਾਨ ਸਭਾ ਸੀਟਾਂ ਲਈ ਚੋਣ ਹੋਵੇਗੀ। 2015 ਵਿੱਚ ਆਰਜੇਡੀ ਤੇ ਜੇਡੀਯੂ ਨੇ ਮਿਲ ਕੇ ਚੋਣ ਲੜੀ ਜਿਸ ਕਾਰਨ ਭਾਜਪਾ ਦੀ ਅਗਵਾਈ ਵਾਲੀ ਐਨਡੀਏ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਫਿਰ ਆਰਜੇਡੀ, ਜੇਡੀਯੂ, ਕਾਂਗਰਸ ਮਹਾਗਠਬੰਧਨ ਨੇ 178 ਸੀਟਾਂ ਜਿੱਤੀਆਂ। ਰਾਜਦ ਨੂੰ 80, ਜੇਡੀਯੂ ਨੇ 71 ਤੇ ਕਾਂਗਰਸ ਨੂੰ 27 ਸੀਟਾਂ ਮਿਲੀਆਂ। ਜਦਕਿ ਐਨਡੀਏ ਨੂੰ ਸਿਰਫ 58 ਸੀਟਾਂ ਮਿਲੀਆਂ। ਹਾਲਾਂਕਿ, ਲਾਲੂ ਯਾਦਵ ਦੀ ਪਾਰਟੀ ਆਰਜੇਡੀ ਨਾਲ ਅਣਬਣ ਤੋਂ ਬਾਅਦ ਨਿਤੀਸ਼ ਕੁਮਾਰ ਮਹਾਂਗਠਜੋੜ ਤੋਂ ਵੱਖ ਹੋ ਗਏ ਤੇ ਭਾਜਪਾ ਦੇ ਨਾਲ ਸਰਕਾਰ ਚਲਾਉਣੀ ਸ਼ੁਰੂ ਕਰ ਦਿੱਤਾ।