ਬਿਹਾਰ ਤੋਂ ਬਾਅਦ ਯੂ.ਪੀ. ਦੇ ਗਾਜ਼ੀਪੁਰ ’ਚ ਗੰਗਾ ਨਦੀ ’ਚ ਤੈਰਦੀਆਂ ਮਿਲੀਆਂ ਸੈਂਕੜੇ ਲਾਸ਼ਾਂ!

86
Share

-ਲਾਸ਼ਾਂ ਦੇ ਕਰੋਨਾ ਪੀੜਤ ਹੋਣ ਦੇ ਸ਼ੱਕ ਕਾਰਨ ਨਦੀ ਕਿਨਾਰੇ ਰਹਿਣ ਵਾਲੇ ਲੋਕਾਂ ’ਚ ਹੜਕੰਪ
ਗਾਜ਼ੀਪੁਰ (ਯੂ. ਪੀ.), 12 ਮਈ (ਪੰਜਾਬ ਮੇਲ)-ਬਿਹਾਰ ਦੇ ਬਕਸਰ ਤੋਂ ਬਾਅਦ ਉੱਤਰ ਪ੍ਰਦੇਸ਼ ਦੇ ਗਾਜ਼ੀਪੁਰ ਜ਼ਿਲ੍ਹੇ ਵਿਚ ਗੰਗਾ ਨਦੀ ’ਚ ਸੈਂਕੜੇ ਲਾਸ਼ਾਂ ਤੈਰਦੀਆਂ ਦਿਖਾਈ ਦਿੱਤੀਆਂ। ਮਿਲੀਆਂ ਰਿਪੋਰਟਾਂ ਅਨੁਸਾਰ ਨਦੀ ’ਚੋਂ ਮਿਲੀਆਂ ਲਾਸ਼ਾਂ ਅਤੇ ਉਨ੍ਹਾਂ ’ਚੋਂ ਆ ਰਹੀ ਬਦਬੂ ਤੇ ਉਨ੍ਹਾਂ ਦੇ ਕੋਰੋਨਾ ਪੀੜਤ ਹੋਣ ਦੇ ਸ਼ੱਕ ਕਾਰਨ ਨਦੀ ਕਿਨਾਰੇ ਰਹਿਣ ਵਾਲੇ ਲੋਕਾਂ ’ਚ ਹੜਕੰਪ ਮਚ ਗਿਆ ਹੈ। ਮਾਮਲਾ ਸਾਹਮਣੇ ਆਉਂਦੇ ਹੀ ਸਥਾਨਕ ਪ੍ਰਸ਼ਾਸਨ ਨੇ ਇਸ ਸਬੰਧੀ ਜਾਂਚ ਸ਼ੁਰੂ ਕਰ ਦਿੱਤੀ ਹੈ। ਗਾਜ਼ੀਪੁਰ ਦੇ ਜ਼ਿਲ੍ਹਾ ਮੈਜਿਸਟ੍ਰੇਟ ਐੱਮ.ਪੀ. ਸਿੰਘ ਨੇ ਦੱਸਿਆ ਕਿ ਜਾਣਕਾਰੀ ਮਿਲਦਿਆਂ ਹੀ ਸਾਡੇ ਅਧਿਕਾਰੀ ਮੌਕੇ ’ਤੇ ਪਹੁੰਚ ਗਏ। ਮਾਮਲੇ ਦੀ ਜਾਂਚ ਚੱਲ ਰਹੀ ਹੈ ਅਤੇ ਜਾਂਚ ਟੀਮ ਗਠਿਤ ਕਰ ਦਿੱਤੀ ਗਈ ਹੈ। ਅਸੀਂ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਇਹ ਲਾਸ਼ਾਂ ਕਿਥੋਂ ਆਈਆਂ ਹਨ। ਬਿਹਾਰ ਦੇ ਬਕਸਰ ’ਚ ਗੰਗਾ ਨਦੀ ’ਚੋਂ 100 ਤੋਂ ਵੱਧ ਲਾਸ਼ਾਂ ਮਿਲਣ ਦੇ ਇਕ ਦਿਨ ਬਾਅਦ ਇਹ ਮਾਮਲਾ ਸਾਹਮਣੇ ਆਉਣ ਨਾਲ ਸਥਾਨਕ ਲੋਕਾਂ ’ਚ ਮਹਾਂਮਾਰੀ ਫੈਲਣ ਸਬੰਧੀ ਦਹਿਸ਼ਤ ਪੈਦਾ ਹੋ ਗਈ ਹੈ। ਰਿਪੋਰਟਾਂ ਮੁਤਾਬਿਕ ਗਾਜ਼ੀਪੁਰ ਜ਼ਿਲ੍ਹੇ ਦੇ ਗਹਮਰ ਥਾਣਾ ਖੇਤਰ ਦੇ ਨਰਵਾ, ਸੋਝਵਾ ਅਤੇ ਬੁਲਾਕੀਦਦਾਸ ਬਾਬਾ ਘਾਟਾਂ ’ਤੇ ਵੱਡੀ ਗਿਣਤੀ ’ਚ ਲਾਸ਼ਾਂ ਮਿਲੀਆਂ ਹਨ। ਇਸ ਦੇ ਇਲਾਵਾ ਕਰਨੰਡਾ ਖੇਤਰ ਦੇ ਕਈ ਘਾਟਾਂ ’ਤੇ ਵੀ ਅਜਿਹੀ ਸਥਿਤੀ ਦੇਖਣ ਨੂੰ ਮਿਲੀ। ਜ਼ਿਕਰਯੋਗ ਹੈ ਕਿ ਗਾਜ਼ੀਪੁਰ ਦਾ ਗਹਮਰ ਪਿੰਡ ਬਿਹਾਰ ਦੇ ਬਕਸਰ ਜ਼ਿਲ੍ਹੇ ਨਾਲ ਲੱਗਦਾ ਹੈ ਅਤੇ ਬਕਸਰ ਜ਼ਿਲ੍ਹੇ ਦੇ ਕਈ ਘਾਟਾਂ ’ਤੇ ਲਾਸ਼ਾਂ ਮਿਲੀਆਂ ਸਨ।

Share