ਬਿਹਾਰ ’ਚ ਪੁਲਿਸ ਬਿੱਲ ਪੇਸ਼ ਹੋਣ ਦੇ ਵਿਰੋਧ ਦੌਰਾਨ ਵਿਧਾਨ ਸਭਾ ’ਚ ਹੰਗਾਮਾ

413
ਆਰ.ਜੇ.ਡੀ. ਦੇ ਵਿਧਾਇਕ ਵਿਧਾਨ ਸਭਾ ਸੈਸ਼ਨ ਦੌਰਾਨ ਸਪੀਕਰ ਦੇ ਚੈਂਬਰ ਬਾਹਰ ਧਰਨਾ ਦਿੰਦੇ ਹੋਏ।
Share

ਪਟਨਾ, 23 ਮਾਰਚ (ਪੰਜਾਬ ਮੇਲ)- ਨਿਤੀਸ਼ ਕੁਮਾਰ ਸਰਕਾਰ ਵੱਲੋਂ ਬਿਹਾਰ ਪੁਲਿਸ ਨੂੰ ਹੋਰ ਸ਼ਕਤੀਸ਼ਾਲੀ ਬਣਾਉਣ ਦੇ ਮਕਸਦ ਨਾਲ ਪੇਸ਼ ਇੱਕ ਬਿੱਲ ਦੇ ਵਿਰੋਧ ਦੌਰਾਨ ਸਦਨ ’ਚ ਕਾਫ਼ੀ ਹੰਗਾਮਾ ਹੋਇਆ। ਇਸ ਦੌਰਾਨ ਸਪੀਕਰ ਦੇ ਚੈਂਬਰ ਦੀ ਘੇਰਾਬੰਦੀ ਕਰਨ ਵਾਲੇ ਵਿਧਾਇਕਾਂ ਨੂੰ ਹਟਾਉਣ ਲਈ ਪੁਲਿਸ ਬੁਲਾਉਣੀ ਪਈ। ਆਰ.ਜੇ.ਡੀ., ਕਾਂਗਰਸ ਅਤੇ ਖੱਬੇਪੱਖੀਆਂ ਦੀ ਸ਼ਮੂਲੀਅਤ ਵਾਲੇ ਮਹਾਗੱਠਜੋੜ ਦੇ ਮੈਂਬਰਾਂ ਨੇ ‘ਬਿਹਾਰ ਸਪੈਸ਼ਲ ਆਰਮਡ ਪੁਲਿਸ ਬਿੱਲ, 2021’ ਖ਼ਿਲਾਫ਼ ਰੋਸ ਪ੍ਰਗਟਾਇਆ ਅਤੇ ਉਨ੍ਹਾਂ ਵੱਲੋਂ ਕੀਤੇ ਗਏ ਸ਼ੋਰ-ਸ਼ਰਾਬੇ ਕਾਰਨ ਸਦਨ ਦੀ ਕਾਰਵਾਈ ਦਿਨ ’ਚ ਪੰਜ ਵਾਰ ਰੋਕਣੀ ਪਈ। ਬਿਨਾਂ ਆਗਿਆ ਜਲੂਸ ਕੱਢਣ ਅਤੇ ਡਾਕ ਬੰਗਲਾ ਚੌਕ ’ਚ ਪਥਰਾਅ ਦੀ ਕਾਰਵਾਈ ’ਚ ਸ਼ਾਮਲ ਹੋਣ ਕਾਰਨ ਪੁਲਿਸ ਸ੍ਰੀ ਤੇਜਸਵੀ ਅਤੇ ਆਰ.ਜੇ.ਡੀ. ਦੇ ਹੋਰ ਆਗੂਆਂ ਨੂੰ ਥਾਣੇ ਲੈ ਗਈ, ਜਿੱਥੋਂ ਰਿਹਾਅ ਹੋਣ ਤੋਂ ਬਾਅਦ ਸ਼੍ਰੀ ਤੇਜਸਵੀ ਵਾਪਸ ਵਿਧਾਨ ਸਭਾ ਵਿਚ ਪੁੱਜ ਗਏ। ਇਸ ਦੌਰਾਨ ਮੰਤਰੀ ਬਿਜੇਂਦਰ ਯਾਦਵ ਵੱਲੋਂ ਚਰਚਾ ਲਈ ਬਿੱਲ ਪੇਸ਼ ਕਰਦਿਆਂ ਹੀ ਵਿਰੋਧੀ ਧਿਰ ਦੇ ਮੈਂਬਰ ਸਪੀਕਰ ਚੈਂਬਰ ਦੇ ਕਾਫ਼ੀ ਨੇੜੇ ਪੁੱਜ ਗਏ, ਜਿੱਥੇ ਮਾਰਸ਼ਲਾਂ ਨੂੰ ਕਿਸੇ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਦਖ਼ਲ ਦੇਣਾ ਪਿਆ। ਇਸ ’ਤੇ ਸਪੀਕਰ ਵਿਜੈ ਕੁਮਾਰ ਸਿਨਹਾ ਨੇ ਸਦਨ ਦੀ ਕਾਰਵਾਈ ਸ਼ਾਮ ਸਾਢੇ ਚਾਰ ਵਜੇ ਤੱਕ ਮੁਲਤਵੀ ਕਰ ਦਿੱਤੀ, ਜਦਕਿ ਮਹਾਗੱਠਜੋੜ ਦੇ ਮੈਂਬਰਾਂ ਨੇ ਇਸ ਨੂੰ ਚਾਰੇ ਪਾਸਿਓਂ ਘੇਰ ਲਿਆ ਤੇ ਨਾਅਰੇਬਾਜ਼ੀ ਕਰਨ ਲੱਗੇ। ਇਸ ਦੌਰਾਨ ਦਿਨ ’ਚ ਸ਼੍ਰੀ ਤੇਜਸਵੀ ਦੀ ਅਗਵਾਈ ’ਚ ਆਰ.ਜੇ.ਡੀ. ਕਾਰਕੁਨਾਂ ਨੇ ਵਿਧਾਨ ਸਭਾ ਕੰਪਲੈਕਸ ਤੱਕ ਮਾਰਚ ਕੱਢਣ ਦੀ ਕੋਸ਼ਿਸ਼ ਕੀਤੀ, ਜਿਸ ਦੌਰਾਨ ਉਨ੍ਹਾਂ ਦੀਆਂ ਪੁਲਿਸ ਨਾਲ ਕਈ ਝੜਪਾਂ ਵੀ ਹੋਈਆਂ।

Share