ਬਿਹਾਰ ‘ਚ ਨਵੀਂ ਸਰਕਾਰ ਦੇ ਗਠਨ ਦਾ ਰਾਹ ਪੱਧਰਾ: ਨਿਤੀਸ਼ ਨੇ ਰਾਜਪਾਲ ਨੂੰ ਸੌਂਪਿਆ ਅਸਤੀਫ਼ਾ

448
ਰਾਜਪਾਲ ਫਾਗੂ ਚੌਹਾਨ ਨੂੰ ਅਸਤੀਫ਼ਾ ਸੌਂਪਦੇ ਹੋਏ ਬਿਹਾਰ ਦੇ ਮੁੱਖ ਮੰਤਰੀ ਨਿਤੀਸ਼ ਕੁਮਾਰ।
Share

ਵਿਧਾਨ ਸਭਾ ਭੰਗ ਕਰਨ ਦੀ ਸਿਫ਼ਾਰਸ਼
ਪਟਨਾ, 14 ਨਵੰਬਰ (ਪੰਜਾਬ ਮੇਲ)- ਬਿਹਾਰ ‘ਚ ਨਵੀਂ ਸਰਕਾਰ ਦੇ ਗਠਨ ਦਾ ਉਦੋਂ ਰਾਹ ਪੱਧਰਾ ਹੋ ਗਿਆ, ਜਦੋਂ ਨਿਤੀਸ਼ ਕੁਮਾਰ ਨੇ ਮੁੱਖ ਮੰਤਰੀ ਵਜੋਂ ਆਪਣਾ ਅਸਤੀਫ਼ਾ ਰਾਜਪਾਲ ਫਾਗੂ ਚੌਹਾਨ ਨੂੰ ਸੌਂਪਦਿਆਂ ਵਿਧਾਨ ਸਭਾ ਭੰਗ ਕਰਨ ਦੀ ਸਿਫ਼ਾਰਸ਼ ਕੀਤੀ। ਰਾਜਪਾਲ ਨੇ ਅਸਤੀਫ਼ਾ ਸਵੀਕਾਰ ਕਰਦਿਆਂ ਨਿਤੀਸ਼ ਨੂੰ ਅਗਲੀ ਸਰਕਾਰ ਬਣਾਉਣ ਤੱਕ ਕਾਰਜਕਾਰੀ ਮੁੱਖ ਮੰਤਰੀ ਵਜੋਂ ਕੰਮਕਾਰ ਦੇਖਣ ਲਈ ਕਿਹਾ। ਇਸ ਤੋਂ ਪਹਿਲਾਂ ਐੱਨ.ਡੀ.ਏ. ਦੇ ਬਿਹਾਰ ‘ਚ ਚਾਰ ਭਾਈਵਾਲਾਂ ਜਨਤਾ ਦਲ (ਯੂ), ਭਾਜਪਾ, ਐੱਚ.ਏ.ਐੱਮ. ਅਤੇ ਵਿਕਾਸਸ਼ੀਲ ਇਨਸਾਨ ਪਾਰਟੀ (ਵੀ.ਆਈ.ਪੀ.) ਦੇ ਆਗੂਆਂ ਦੀ ਨਿਤੀਸ਼ ਕੁਮਾਰ ਦੀ ਰਿਹਾਇਸ਼ ‘ਤੇ ਗ਼ੈਰ ਰਸਮੀ ਬੈਠਕ ਹੋਈ, ਜਿਸ ‘ਚ ਫ਼ੈਸਲਾ ਲਿਆ ਗਿਆ ਕਿ ਐਤਵਾਰ ਨੂੰ ਨਿਤੀਸ਼ ਕੁਮਾਰ ਨੂੰ ਐੱਨ.ਡੀ.ਏ. ਦੇ ਵਿਧਾਇਕਾਂ ਵੱਲੋਂ ਆਪਣਾ ਆਗੂ ਚੁਣਿਆ ਜਾਵੇਗਾ। ਮੀਟਿੰਗ ਦੇ ਜ਼ਿਆਦਾ ਵੇਰਵੇ ਤਾਂ ਨਹੀਂ ਮਿਲੇ ਪਰ ਸੂਤਰਾਂ ਮੁਤਾਬਕ ਨਵੀਂ ਕੈਬਨਿਟ ‘ਚ ਐੱਨ.ਡੀ.ਏ. ‘ਚ ਸ਼ਾਮਲ ਹਰ ਪਾਰਟੀ ਨੂੰ ਨੁਮਾਇੰਦਗੀ ਦੇਣ ਅਤੇ ਵਿਧਾਨ ਸਭਾ ਦੇ ਨਵੇਂ ਸਪੀਕਰ ਬਾਰੇ ਵੀ ਚਰਚਾ ਹੋਈ ਹੈ। ਐੱਨ.ਡੀ.ਏ. ‘ਚ ਭਾਜਪਾ ਵੱਲੋਂ ਸਭ ਤੋਂ ਜ਼ਿਆਦਾ 74 ਸੀਟਾਂ ਜਿੱਤੇ ਜਾਣ ਦੇ ਬਾਵਜੂਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਸਮੇਤ ਭਗਵਾ ਪਾਰਟੀ ਦੀ ਸਿਖਰਲੀ ਲੀਡਰਸ਼ਿਪ ਨੇ ਨਿਤੀਸ਼ ਕੁਮਾਰ ਨੂੰ ਅਗਲਾ ਮੁੱਖ ਮੰਤਰੀ ਬਣਾਉਣ ਦਾ ਐਲਾਨ ਕੀਤਾ ਹੈ। ਚਰਚਾ ਇਹ ਵੀ ਹੈ ਕਿ ਭਾਜਪਾ ਉਪ ਮੁੱਖ ਮੰਤਰੀ ਦੇ ਅਹੁਦੇ ਲਈ ਕਿਸੇ ਦਲਿਤ ਆਗੂ ਦਾ ਨਾਮ ਅੱਗੇ ਕਰ ਸਕਦੀ ਹੈ। ਉਂਜ ਪਾਰਟੀ ਆਗੂ ਸੁਸ਼ੀਲ ਕੁਮਾਰ ਮੋਦੀ 2005 ਤੋਂ ਅਹੁਦੇ ‘ਤੇ ਕਾਬਜ਼ ਹਨ।


Share