ਬਿਲ ਤੇ ਮੇਲਿੰਡਾ ਗੇਟਸ ਵੱਲੋਂ ਤਲਾਕ ਲੈਣ ਦਾ ਐਲਾਨ

357
Share

ਨਿਊਯਾਰਕ, 5 ਮਈ (ਪੰਜਾਬ ਮੇਲ)- ਅਰਬਪਤੀ ਸਮਾਜਸੇਵੀ ਬਿਲ ਤੇ ਮੇਲਿੰਡਾ ਗੇਟਸ ਨੇ ਤਲਾਕ ਲੈਣ ਦਾ ਐਲਾਨ ਕਰ ਕੇ ਆਪਣੀ 27 ਸਾਲ ਦੀ ਸ਼ਾਦੀ ਤੋੜਨ ਦਾ ਫ਼ੈਸਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਸਾਡਾ ਇਹੀ ਮੰਨਣਾ ਹੈ ਕਿ ‘ਹੁਣ ਅਸੀਂ ਇਕ ਜੋੜੇ ਦੇ ਰੂਪ ਵਿਚ ਨਾਲ ਨਹੀਂ ਰਹਿ ਸਕਦੇ ਪਰ ਆਪਣੀ ਸੰਸਥਾ ਲਈ ਅਸੀਂ ਨਾਲ ਕੰਮ ਕਰਦੇ ਰਹਾਂਗੇ।’ ਟਵਿੱਟਰ ਉਤੇ ਸੰਯੁਕਤ ਬਿਆਨ ’ਚ ਦੋਵਾਂ ਨੇ ਕਿਹਾ ‘ਕਾਫ਼ੀ ਸੋਚ ਵਿਚਾਰ ਕਰਨ ਤੋਂ ਬਾਅਦ ਤੇ ਆਪਣੇ ਸਬੰਧਾਂ ਉਤੇ ਕੰਮ ਕਰਨ ਤੋਂ ਬਾਅਦ ਅਸੀਂ ਆਪਣੇ ਵਿਆਹ ਨੂੰ ਖ਼ਤਮ ਕਰਨ ਦਾ ਫ਼ੈਸਲਾ ਕੀਤਾ ਹੈ’। ਉਨ੍ਹਾਂ ਕਿਹਾ ਕਿ ਪਿਛਲੇ 27 ਸਾਲਾਂ ਤੋਂ ਵੱਧ ਸਮੇਂ ਤੋਂ ਉਹ ਇਕ ਸੰਸਥਾ ਚਲਾ ਰਹੇ ਹਨ, ਜੋ ਦੁਨੀਆਂ ਭਰ ਦੇ ਲੋਕਾਂ ਨੂੰ ਸਿਹਤ ਤੇ ਬਿਹਤਰ ਜੀਵਨ ਜਿਊਣ ਦੇ ਸਮਰੱਥ ਬਣਾਉਣ ਲਈ ਕੰਮ ਕਰਦੀ ਹੈ। ਉਨ੍ਹਾਂ ਕਿਹਾ ਕਿ ਇਸ ਮਿਸ਼ਨ ਵਿਚ ਤੇ ਸੰਸਥਾ ਲਈ ਉਹ ਨਾਲ ਕੰਮ ਕਰਦੇ ਰਹਿਣਗੇ। ‘ਮਾਈਕ੍ਰੋਸਾਫਟ’ ਦੇ ਸਹਿ-ਸੰਸਥਾਪਕ ਬਿਲ (65) ਤੇ ਮੇਲਿੰਡਾ (56) ਦੀ ਮੁਲਾਕਾਤ ਕੰਪਨੀ ਵਿਚ ਹੀ ਹੋਈ ਸੀ। ਮੇਲਿੰਡਾ ਉੱਥੇ ਪ੍ਰੋਡਕਟ ਮੈਨੇਜਰ ਸੀ ਤੇ ਦੋਵਾਂ ਨੇ ਮਗਰੋਂ ਵਿਆਹ ਕਰਵਾ ਲਿਆ ਸੀ। ਜੋੜੇ ਦੇ ਤਿੰਨ ਬੱਚੇ ਹਨ। ਫਾਊਂਡੇਸ਼ਨ ਦੀ ਕੁੱਲ ਸੰਪਤੀ 2019 ’ਚ 43.3 ਅਰਬ ਡਾਲਰ ਸੀ।

Share