ਬਿਜ਼ਨੈੱਸ ਕੰਪਲੈਕਸ ‘ਚ ਗੋਲੀਬਾਰੀ, ਇਕ ਬੱਚੇ ਸਮੇਤ 4 ਲੋਕਾਂ ਦੀ ਮੌਤ

471

ਵਾਸ਼ਿੰਗਟਨ, 1 ਅਪ੍ਰੈਲ  (ਪੰਜਾਬ ਮੇਲ)- ਅਮਰੀਕਾ ਦੇ ਕੈਲੀਫੋਰਨੀਆ ਸੂਬੇ ਵਿਚ ਗੋਲੀ ਚੱਲਣ ਦੀ ਘਟਨਾ ਵਾਪਰੀ ਹੈ। ਇਸ ਘਟਨਾ ਵਿਚ 4 ਲੋਕਾਂ ਦੇ ਮਾਰੇ ਜਾਣ ਦੀ ਖ਼ਬਰ ਹੈ। ਰਿਪੋਰਟ ਮੁਤਾਬਕ ਇਹ ਹਮਲਾ ਬੁੱਧਵਾਰ ਸ਼ਾਮ ਦਾ ਹੈ, ਜਿਸ ਵਿਚ 1 ਬੱਚੇ ਸਮੇਤ 4 ਲੋਕਾਂ ਦੀ ਮੌਤ ਹੋ ਗਈ। ਖ਼ਬਰ ਮੁਤਾਬਕ ਘਟਨਾ ਕੈਲੀਫੋਰਨੀਆ ਦੀ ਓਰੇਂਜ ਸਿਟੀ ਦੇ ਇਕ ਬਿਜ਼ਨੈੱਸ ਕੰਪਲੈਕਸ ਦੀ ਹੈ। ਇਸ ਘਟਨਾ ਵਿਚ ਦੋ ਵਿਅਕਤੀ ਜ਼ਖਮੀ ਵੀ ਹੋਏ ਹਨ।  ਗੋਲੀ ਚਲਾਉਣ ਵਾਲੇ ਦੋਸ਼ੀ ਨੂੰ ਪੁਲਸ ਨੇ ਆਪਣੀ ਹਿਰਾਸਤ ਵਿਚ ਲੈ ਲਿਆ ਹੈ।ਓਰੇਂਜ ਸਿਟੀ ਪੁਲਸ ਵਿਭਾਗ ਦੇ ਇਕ ਬੁਲਾਰੇ ਨੇ ਕਿਹਾ ਹੈ ਕਿ ਉਹਨਾਂ ਨੂੰ ਇਕ ਵਿਅਕਤੀ ਦੁਆਰਾ 202 ਡਬਲਊ. ਲਿੰਕਨ ਐਵੀਨਿਊ ਵਿਚ ਗੋਲੀ ਚਲਾਉਣ ਦੀ ਸੂਚਨਾ ਮਿਲੀ ਸੀ। ਇਸ ਬਿਜ਼ਨੈੱਸ ਕੰਪਲੈਕਸ ਵਿਚ ਛੋਟੇ-ਵੱਡੇ ਬਿਜ਼ਨੈੱਸ ਦੇ ਕਈ ਦਫਤਰ ਹਨ। ਉਹਨਾਂ ਨੇ ਅੱਗੇ ਕਿਹਾ ਕਿ ਹੁਣ ਜਨਤਾ ਨੂੰ ਕੋਈ ਖਤਰਾ ਨਹੀਂ ਹੈ। ਗੌਰਤਲਬ ਹੈ ਕਿ ਇਸ ਤੋਂ ਪਹਿਲਾਂ ਅਟਲਾਂਟਾ ਖੇਤਰ ਦੇ ਸਪਾ ਵਿਚ ਗੋਲੀਬਾਰੀ ਦੀ ਇਕ ਘਟਨਾ ਵਾਪਰੀ ਸੀ ਜਿਸ ਵਿਚ 8 ਲੋਕ ਮਾਰੇ ਗਏ ਸਨ। ਇਸ ਘਟਨਾ ਦੇ 6 ਦਿਨ ਬਾਅਦ ਬੋਲਡਰ ਸ਼ਹਿਰ ਵਿਚ ਇਕ ਹੋਰ ਘਟਨਾ ਵਾਪਰੀ ਜਿੱਥੇ ਇਕ ਵਿਅਕਤੀ ਨੇ ਇਕ ਸੁਪਰਮਾਰਕੀਟ ਵਿਚ ਗੋਲੀਬਾਰੀ ਕੀਤੀ ਜਿਸ ਵਿਚ 10 ਲੋਕ ਮਾਰੇ ਗਏ ਸਨ।