ਬਿਜਲੀ ਕੱਟਾਂ ਖਿਲਾਫ ਕਿਸਾਨਾਂ ਦੇ ਧਰਨੇ ਦੌਰਾਨ ਗਰਮੀ ਕਾਰਨ ਬਜ਼ੁਰਗ ਔਰਤ ਦੀ ਮੌਤ

406
Share

ਪਟਿਆਲਾ, 2 ਜੁਲਾਈ (ਪੰਜਾਬ ਮੇਲ)- ਪੈਟਰੋਲ-ਡੀਜ਼ਲ ਅਤੇ ਰਸੋਈ ਗੈਸ ਸਮੇਤ ਹੋਰ ਨਿੱਤ ਵਰਤੋਂ ਦੀਆਂ ਵਸਤਾਂ ਦੀਆਂ ਕੀਮਤਾਂ ਦੇ ਵਾਧੇ ਅਤੇ ਬਿਜਲੀ ਦੀ ਨਾਕਸ ਸਪਲਾਈ ਦੇ ਖ਼ਿਲਾਫ਼ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ ਅੱਜ ਡੀ.ਸੀ. ਦਫਤਰ ਪਟਿਆਲਾ ਦੇ ਬਾਹਰ ਦਿੱਤੇ ਗਏ ਧਰਨੇ ਵਿਚ ਸ਼ਾਮਲ 85 ਸਾਲਾ ਮਹਿਲਾ ਦੀ ਮੌਤ ਹੋ ਗਈ। ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਮਨਜੀਤ ਨਿਆਲ ਨੇ ਦੱਸਿਆ ਕਿ ਅੰਗਰੇਜ਼ ਕੌਰ ਪਿੰਡ ਬੰਮਣਾ ਦੀ ਸੀ। ਅੱਜ ਪਟਿਆਲਾ ਵਿਚਲੇ ਧਰਨੇ ਦੌਰਾਨ ਅਤਿ ਦੀ ਗਰਮੀ ਕਾਰਨ ਉਸ ਦੀ ਅਚਾਨਕ ਤਬੀਅਤ ਵਿਗੜ ਗਈ। ਇਸ ਮਗਰੋਂ ਉਸ ਨੂੰ ਜਦੋਂ ਧਰਨੇ ਵਿਚੋਂ ਲਿਜਾਇਆ ਜਾ ਰਿਹਾ ਸੀ ਤਾਂ ਉਹ ਪ੍ਰਾਣ ਤਿਆਗ ਗਈ। ਯੂਨੀਅਨ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਅਤੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਸਮੇਤ ਹੋਰ ਆਗੂਆਂ ਨੇ ਅੰਗਰੇਜ਼ ਕੌਰ ਦੀ ਮੌਤ ’ਤੇ ਦੁੱਖ ਪ੍ਰਗਟ ਕੀਤਾ ਹੈ। ਇਸ ਤੋਂ ਇਲਾਵਾ ਯੂਨੀਅਨ ਨੇ ਉਸ ਦੇ ਪਰਿਵਾਰ ਲਈ ਸਰਕਾਰ ਤੋਂ ਦੱਸ ਲੱਖ ਰੁਪਏ ਮੁਆਵਜ਼ਾ ਅਤੇ ਪਰਿਵਾਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ ਦੀ ਮੰਗ ਵੀ ਕੀਤੀ ਹੈ।

Share