ਬਾਲਟੀਮੋਰ ਦੀ ਬਿਲਡਿੰਗ ਵਿੱਚ ਹੋਏ ਧਮਾਕੇ ਨਾਲ ਹੋਏ 23 ਵਰਕਰ ਜਖਮੀ

421
Share

ਫਰਿਜ਼ਨੋ, 24 ਦਸੰਬਰ (ਮਾਛੀਕੇ/ ਧਾਲੀਆਂ/ਪੰਜਾਬ ਮੇਲ)- ਬਾਲਟੀਮੋਰ ਦੀ ਇੱਕ ਉੱਚੀ ਇਮਾਰਤ ਵਿੱਚ ਬੁੱਧਵਾਰ ਨੂੰ ਹੋਏ ਧਮਾਕੇ ਕਾਰਨ ਉੱਥੇ ਕੰਮ ਕਰਦੇ ਤਕਰੀਬਨ 23 ਵਿਅਕਤੀ ਜਖਮੀ ਹੋਏ ਹਨ ਜਦਕਿ ਇਸ ਧਮਾਕੇ ਦੌਰਾਨ ਵਿੰਡੋ ਵਾਸ਼ਿੰਗ ਦਾ ਕੰਮ ਕਰ ਰਹੇ ਕਾਮੇ ਵੀ ਇੱਕ ਪੈੜ ਉੱਤੇ ਅਸਥਾਈ ਤੌਰ ਤੇ ਫਸ ਗਏ ਸਨ।ਇਸ ਹਾਦਸੇ ਤੋਂ ਬਾਅਦ ਪੀੜਤ ਲੋਕਾਂ ਵਿਚੋਂ ਲੱਗਭਗ 21 ਉਸਾਰੀ ਕਾਮੇ ਸਨ ,ਜਿਹਨਾਂ ਨੂੰ ਹਸਪਤਾਲ ‘ਚ ਦਾਖਲ ਕਰਵਾਇਆ ਗਿਆ।ਸ਼ਹਿਰ ਦੇ ਅੱਗ ਬੁਝਾਊ ਵਿਭਾਗ ਨੇ ਟਵੀਟ ਕਰਦਿਆਂ ਦੱਸਿਆ ਕਿ ਪੀੜਤਾਂ ਵਿਚੋਂ ਘੱਟੋ-ਘੱਟ 9 ਦੀ ਹਾਲਤ  ਜ਼ਿਆਦਾ ਗੰਭੀਰ ਹੈ। ਇਸ ਤੋਂ ਇਲਾਵਾ ਖਿੜਕੀ ਸਾਫ ਕਰਨ ਵਾਲੇ ਕਾਮਿਆਂ ਨੂੰ ਇੱਕ ਖਿੜਕੀ ਦੇ ਜ਼ਰੀਏ ਬਚਾਇਆ ਗਿਆ। ਅੱਗ ਬੁਝਾਊ ਵਿਭਾਗ ਅਨੁਸਾਰ ਇਹ ਧਮਾਕਾ ਇਮਾਰਤ ਦੀ 16 ਵੀਂ ਮੰਜ਼ਿਲ ‘ਤੇ ਹੋਇਆ ਸੀ ਜਿੱਥੇ ਕਿ ਬਾਲਟੀਮੋਰ ਗੈਸ ਅਤੇ ਇਲੈਕਟ੍ਰਿਕ ਕੰਪਨੀ ਦੇ ਦਫਤਰ ਸਥਿਤ ਹਨ ਅਤੇ ਕੰਪਨੀ ਦੀ ਅਧਿਕਾਰੀ ਸਟੈਫਨੀ ਐਨ ਵੀਵਰ ਅਨੁਸਾਰ ਇਮਾਰਤ ਦੇ “ਏਅਰ ਹੈਂਡਲਿੰਗ ਅਤੇ ਬਾਇਲਰ ਪ੍ਰਣਾਲੀ” ਤੇ ਹੋ ਰਿਹਾ ਕੰਮ ਹਾਦਸੇ ਦਾ ਕਾਰਨ ਹੋ ਸਕਦਾ ਹੈ।ਜਦਕਿ ਫਾਇਰ ਵਿਭਾਗ ਨੇ ਦੱਸਿਆ ਕਿ ਧਮਾਕੇ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।ਇਸ ਮੌਕੇ ਵੀਵਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਹਾਦਸੇ ਦੌਰਾਨ ਕੰਪਨੀ ਦਾ ਕੋਈ ਕਰਮਚਾਰੀ ਜ਼ਖਮੀ ਨਹੀਂ ਹੋਇਆ ਹੈ, ਕਿਉਂਕਿ ਛੁੱਟੀਆਂ ਅਤੇ ਕੋਰੋਨਾਂ ਵਾਇਰਸ ਮਹਾਂਮਾਰੀ ਕਾਰਨ ਇਮਾਰਤ ਕਾਫ਼ੀ ਹੱਦ ਤਕ ਖਾਲੀ ਸੀ।

Share