ਬਾਬਾ ਵਿਸਾਖਾ ਸਿੰਘ ਦਦੇਹਰ ਤੇ ਉਨ੍ਹਾਂ ਦੇ ਮਹਾਨ ਸਾਥੀ ਗਦਰੀ ਬਾਬਿਆਂ ਦੀ ਮਿੱਠੀ ਯਾਦ ’ਚ ਗੁਰੂ ਘਰ ਸੈਲਮਾ ਵਿਖੇ ਸਮਾਗਮ

200
ਗੁਰੂ ਘਰ ਸੈਲਮਾ ਵਿਖੇ ਕਰਵਾਏ ਗਏ ਸਮਾਗਮ ਦੌਰਾਨ ਹਾਜ਼ਰ ਸ਼ਖਸੀਅਤਾਂ।
Share

ਫਰਿਜ਼ਨੋ, 8 ਦਸੰਬਰ (ਮਾਛੀਕੇ/ਧਾਲੀਆਂ/ਪੰਜਾਬ ਮੇਲ)- ਗਦਰੀ ਬਾਬਿਆਂ ਦਾ ਦੇਸ਼ ਦੀ ਆਜ਼ਾਦੀ ਲਈ ਵੱਡਾ ਯੋਗਦਾਨ ਰਿਹਾ ਹੈ। ਉਨ੍ਹਾਂ ਦੀ ਲਾਸਾਨੀ ਕੁਰਬਾਨੀ ਨੂੰ ਯਾਦ ਕਰਦਿਆਂ ਦੇਸ਼-ਵਿਦੇਸ਼ ਵਿਚ ਵੱਡੇ ਸਮਾਗਮ ਕਰਵਾਏ ਜਾਂਦੇ ਹਨ। ਇਸੇ ਕੜੀ ਤਹਿਤ ਬਾਬਾ ਵਿਸਾਖਾ ਸਿੰਘ ਦਦੇਹਰ ਅਤੇ ਉਨ੍ਹਾਂ ਦੇ ਸਾਥੀ ਗਦਰੀ ਬਾਬਿਆਂ ਦੀ ਮਿੱਠੀ ਯਾਦ ਵਿਚ ਫਰਿਜ਼ਨੋ ਦੇ ਲਾਗਲੇ ਸ਼ਹਿਰ ਸੈਲਮਾ ਦੇ ਗੁਰਦੁਆਰਾ ਸਿੱਖ ਸੈਂਟਰ ਆਫ ਪੈਸੇਫਿਕ ਸਾਹਿਬ ਵਿਖੇ ਵਿਸ਼ੇਸ਼ ਸਮਾਗਮ ਕਰਵਾਏ ਗਏ।
ਇਸ ਮੌਕੇ ਸ. ਭਰਪੂਰ ਸਿੰਘ ਦੇ ਪਰਿਵਾਰ ਵੱਲੋਂ 3 ਦਸੰਬਰ ਨੂੰ ਸ੍ਰੀ ਗੁਰੂ ਗ੍ਰੰਥ ਸਹਿਬ ਜੀ ਦੇ ਅਖੰਡ-ਪਾਠ ਸ਼ੁਰੂ ਕਰਵਾਏ ਗਏ ਅਤੇ 5 ਦਸੰਬਰ, ਦਿਨ ਐਤਵਾਰ ਨੂੰ ਬਾਬਾ ਜੀ ਦੀ ਬਰਸੀ ਮੌਕੇ ਸ੍ਰੀ ਅਖੰਡ ਪਾਠ ਸਹਿਬ ਦੇ ਭੋਗ ਪਾਏ ਗਏ। ਇਸ ਮੌਕੇ ਗੁਰੂ ਘਰ ਦੇ ਕੀਰਤਨੀਏ ਭਾਈ ਗੁਰਮੀਤ ਸਿੰਘ ਨੇ ਰੱਬੀ ਬਾਣੀ ਦੇ ਕੀਰਤਨ ਨਾਲ ਸੰਗਤਾਂ ਨੂੰ ਨਿਹਾਲ ਕੀਤਾ ਅਤੇ ਪਿ੍ਰੰਸੀਪਲ ਸਵਰਨ ਸਿੰਘ¿; ਗੁਰਮਤਿ ਕਾਲਜ ਪਟਿਆਲ਼ਾ ਨੇ ਬਾਬਾ ਜੀ ਦੇ ਜੀਵਨ ’ਤੇ ਪੰਛੀ ਝਾਤ ਪਾਈ। ਇਸ ਮੌਕੇ ਵੱਡੀ ਗਿਣਤੀ ’ਚ ਸੰਗਤਾਂ ਨੇ ਗੁਰੂ ਘਰ ਪਹੁੰਚਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆ। ਸ. ਬਲਵਿੰਦਰ ਸਿੰਘ ਭਾਊ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਬਾਬਾ ਵਿਸਾਖਾ ਸਿੰਘ ਜੀ ਦਾ ਜਨਮ 13 ਅਪ੍ਰੈਲ, 1877 ਵਿਚ ਪਿੰਡ ਦਦੇਹਰ ਜ਼ਿਲ੍ਹਾ ਤਰਨਤਾਰਨ ਵਿਚ ਹੋਇਆ।
ਆਪ ਨੇ ਫੌਜ ਦੀ ਨੌਕਰੀ ਵੀ ਕੀਤੀ ਅਤੇ ਉਪਰੰਤ 1909 ਵਿਚ ਨੌਕਰੀ ਛੱਡ ਕੇ ਅਮਰੀਕਾ ਆ ਗਏ। ਇੱਥੇ ਆ ਕੇ ਉਹ ਬਾਬਾ ਜਵਾਲਾ ਸਿੰਘ ਜੀ ਦੇ ਸੰਪਰਕ ’ਚ ਆਏ ਅਤੇ ਦੇਸ਼ ਦੀ ਆਜ਼ਾਦੀ ਲਈ ਗ਼ਦਰ ਪਾਰਟੀ ਬਣਾਉਣ ਲਈ ਕੰਮ ਕਰਨਾ ਸ਼ੁਰੂ ਕੀਤਾ। ਇਸ ਮੌਕੇ ਉਨ੍ਹਾਂ ਦੀ ਮੁਲਾਕਾਤ ਬਾਬਾ ਸੋਹਨ ਸਿੰਘ ਭਕਨਾ ਅਤੇ ਹੋਰ ਗਦਰੀ ਬਾਬਿਆਂ ਨਾਲ ਹੁੰਦੀ ਰਹੀ। ਇਸ ਉਪਰੰਤ ਬਾਬਾ ਜੀ ਦੇਸ਼ ਨੂੰ ਆਜ਼ਾਦ ਕਰਵਾਉਣ ਲਈ 7 ਜਨਵਰੀ, 1915 ਨੂੰ ਆਪਣੇ ਸਾਥੀਆਂ ਸਮੇਤ ਇੰਡੀਆ ਆ ਗਏ। ਇਸ ਮੌਕੇ ਮੀਆਂ ਮੀਰ ਛਾਉਣੀ ਲਾਹੌਰ ’ਤੇ ਹਮਲੇ ਦੌਰਾਨ ਬਾਬਾ ਵਿਸਾਖਾ ਸਿੰਘ ਜੀ ਆਪਣੇ ਸਾਥੀਆਂ ਬਾਬਾ ਬਿਸ਼ਨ ਸਿੰਘ, ਬਾਬਾ ਹਜ਼ਾਰਾ ਸਿੰਘ, ਭਾਈ ਬਿਸ਼ਨ ਸਿੰਘ ਅਤੇ ਭਾਈ ਵਿਸਾਖਾ ਸਿੰਘ ਨਾਲ ਗਿ੍ਰਫਤਾਰ ਹੋ ਗਏ ਅਤੇ ਅੰਗਰੇਜ਼ ਸਰਕਾਰ ਨੇ ਇਨ੍ਹਾਂ ਦੀ ਜਾਇਦਾਦ ਜ਼ਬਤ ਕਰਕੇ ਇਨ੍ਹਾਂ ਨੂੰ ਅੰਡੇਮਾਨ ਜੇਲ੍ਹ ਵਿਚ ਭੇਜ ਦਿੱਤਾ। ਜਿੱਥੇ ਬਾਬਾ ਜੀ ਟੀ.ਬੀ. ਵਰਗੀ ਭਿਆਨਕ ਬਿਮਾਰੀ ਤੋਂ ਪੀੜਤ ਹੋ ਗਏ। 1920 ਵਿਚ ਬਾਬਾ ਵਿਸਾਖਾ ਸਿੰਘ ਜੇਲ੍ਹ ਵਿਚੋਂ ਰਿਹਾਅ ਹੋਏ ਅਤੇ ਉਨ੍ਹਾਂ ਬਿਮਾਰੀ ਦੀ ਪ੍ਰਵਾਹ ਕੀਤੇ ਬਿਨਾ ਆਪਣੀਆਂ ਗਤੀਵਿਧੀਆਂ ਜਾਰੀ ਰੱਖੀਆਂ। 1934 ਵਿਚ ਆਪ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੀ ਬਣੇ। ਦੇਸ਼ ਨੂੰ ਆਜ਼ਾਦ ਕਰਵਾਉਣ ਉਪਰੰਤ 5 ਦਸੰਬਰ, 1957 ਨੂੰ ਬਾਬਾ ਜੀ ਅਕਾਲ ਚਲਾਣਾ ਕਰ ਗਏ।
ਬਲਵਿੰਦਰ ਸਿੰਘ ਭਾਊ ਨੇ ਦੱਸਿਆ ਕਿ ਬਾਬਾ ਵਿਸਾਖਾ ਸਿੰਘ ਦੀ ਯਾਦ ਵਿਚ ਹਰ ਸਾਲ ਪਿੰਡ ਦਦੇਹਰ ਵਿਚ ਮੇਲਾ ਲੱਗਦਾ ਹੈ ਅਤੇ ਪਿੰਡ ਵਿਚ ਬਾਬਾ ਜੀ ਦੇ ਨਾਮ ’ਤੇ ਅਕਾਲ ਅਕੈਡਮੀ ਬੜੂ ਸਹਿਬ ਵੱਲੋਂ ਸਕੂਲ ਚਲਾਇਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸਬਰ, ਸੰਤੋਖ, ਤਿਆਗ ਦੀ ਮੂਰਤ ਬਾਬਾ ਵਿਸਾਖਾ ਸਿੰਘ ਦੇ ਜੀਵਨ ਤੋਂ ਸਾਨੂੰ ਸੇਧ ਲੈਣੀ ਚਾਹੀਦੀ ਹੈ।
ਫੋਟੋ : ਨੀਟਾ ਮਾਛੀਕੇ

Share