ਬਾਬਾ ਬੰਦਾ ਸਿੰਘ ਬਹਾਦਰ ਦੇ ਜੀਵਨ ਅਤੇ ਦਰਸ਼ਨ ਸਬੰਧੀ ਪੁਸਤਕ ਲੋਕ ਅਰਪਣ

685

ਬਾਬਾ ਬੰਦਾ ਸਿੰਘ ਬਹਾਦਰ ਨੇ ਜ਼ਮੀਨ ਦੇ ਕਾਸ਼ਤਕਾਰਾਂ ਨੂੰ ਮਾਲਕਾਨਾ ਹੱਕ ਯਕੀਨੀ ਬਣਾਏ: ਕਿ੍ਰਸ਼ਨ ਕੁਮਾਰ ਬਾਵਾ
ਪੰਜਾਬ ਸਰਕਾਰ ਵੱਲੋਂ ਪ੍ਰਕਾਸ਼ ਪੁਰਬ ਮੌਕੇ ਛੁੱਟੀ ਕਰਨ ਲਈ ਕੀਤਾ ਧੰਨਵਾਦ

ਚੰਡੀਗੜ, 8 ਅਕਤੂਬਰ, (ਪੰਜਾਬ ਮੇਲ)- ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ ਵੱਲੋਂ ਬਾਬਾ ਬੰਦਾ ਸਿੰਘ ਬਹਾਦਰ ਦੇ ਜੀਵਨ, ਸ਼ਹਾਦਤ ਅਤੇ ਦਰਸ਼ਨ ਬਾਰੇ ਪੁਸਤਕ ਲੋਕ ਅਰਪਣ ਕੀਤੀ ਗਈ।
ਪੁਸਤਕ ਲੋਕ ਅਰਪਣ ਸਮਾਰੋਹ ਦੇ ਮੁੱਖ ਮਹਿਮਾਨ ਵਿਧਾਇਕ ਗੁਰਕੀਰਤ ਸਿੰਘ ਕੋਟਲੀ ਨੇ ਬੋਲਦਿਆਂ ਕਿਹਾ ਕਿ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਥਾਪੜੇ ਜਰਨੈਲ ਬੰਦਾ ਸਿੰਘ ਬਹਾਦਰ ਦੀ ਕੁਰਬਾਨੀ ਸਦਕਾ ਹੀ ਅੱਜ ਸਿੱਖਾਂ ਦਾ ਦੁਨੀਆਂ ਵਿੱਚ ਸਿਰ ਉੱਚਾ ਹੈ ਅਤੇ ਕਿਸਾਨ ਆਪਣੀਆਂ ਜਮੀਨਾਂ ਦੇ ਮਾਲਕ ਹਨ। ਉਨਾਂ ਕਿਹਾ ਕਿ ਫਾਊਂਡੇਸ਼ਨ ਵਧਾਈ ਦੀ ਪਾਤਰ ਹੈ ਜਿਨਾਂ ਨੇ ਇਤਿਹਾਸ ਰਚਣ ਵਾਲੇ ਮਹਾਨ ਜਰਨੈਲ ਦਾ ਇਤਿਹਾਸ ਲਿਖਤੀ ਰੂਪ ਵਿੱਚ ਸਾਂਭਣ ਦਾ ਯਤਨ ਕੀਤਾ ਹੈ।
ਪੰਜਾਬ ਰਾਜ ਉਦਯੋਗਿਕ ਵਿਕਾਸ ਨਿਗਮ ਦੇ ਚੇਅਰਮੈਨ ਅਤੇ ਫਾਊਂਡੇਸ਼ਨ ਦੇ ਪ੍ਰਧਾਨ ਕਿ੍ਰਸ਼ਨ ਕੁਮਾਰ ਬਾਵਾ ਨੇ ਕਿਹਾ ਕਿ ਬੰਦਾ ਸਿੰਘ ਬਹਾਦਰ ਦੀ ਕੁਰਬਾਨੀ ਆਪਣੇ ਆਪ ਵਿੱਚ ਇੱਕ ਮਿਸਾਲ ਹੈ ਅਤੇ ਇਹ ਪੁਸਤਕ ਆਉਣ ਵਾਲੀ ਪੀੜੀ ਨੂੰ ਬਾਬਾ ਜੀ ਦੇ ਜੀਵਨ ਪੰਧ ਅਤੇ ਕੁਰਬਾਨੀਆਂ ਤੋਂ ਜਾਣੂੰ ਕਰਵਾਏਗੀ। ਬੰਦਾ ਸਿੰਘ ਬਹਾਦਰ ਨੇ ਜ਼ਮੀਨ ਦੇ ਕਾਸ਼ਤਕਾਰਾਂ ਨੂੰ ਮਾਲਕਾਨਾ ਹੱਕ ਦਿਵਾ ਕੇ ਵੱਡੀ ਕ੍ਰਾਂਤੀ ਲਿਆਂਦੀ ਸੀ। ਸ੍ਰੀ ਬਾਵਾ ਨੇ ਕਿਹਾ ਕਿ ਬਾਬਾ ਜੀ ਦਾ 350ਵਾਂ ਪ੍ਰਕਾਸ਼ ਪੁਰਬ ਧੂਮ ਧਾਮ ਨਾਲ ਮਨਾਵਾਂਗੇ ਜਿਸ ਲਈ ਕਰੋਨਾ ਮਹਾਂਮਾਰੀ ਦੌਰਾਨ ਹਦਾਇਤਾਂ ਅਨੁਸਾਰ ਦੇਸ਼ ਵਿਦੇਸ਼ ਵਿੱਚ ਸਮਾਗਮ ਰਚਾਏ ਜਾਣਗੇ। ਉਨਾਂ ਇਸ ਮੌਕੇ ਛੁੱਟੀ ਕਰਨ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਧੰਨਵਾਦ ਕੀਤਾ।
ਪੁਸਤਕ ਦੀ ਪ੍ਰਕਾਸ਼ਨਾ ਲਈ ਉਨਾਂ ਚੇਤਨਾ ਪ੍ਰਕਾਸ਼ਨ ਲੁਧਿਆਣਾ ਅਤੇ ਉਨਾਂ ਦੇ ਲੇਖਕਾਂ, ਬੁੱਧੀਜੀਵੀਆਂ ਦਾ ਧੰਨਵਾਦ ਕੀਤਾ ਜਿਨਾਂ ਦੀ ਲਿਖਤਾਂ ਇਸ ਪੁਸਤਕ ਵਿੱਚ ਸ਼ਾਮਲ ਹਨ।
ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ ਨੇ ਕਿਹਾ ਕਿ ਬੰਦਾ ਬਹਾਦਰ ਦੀ ਸ਼ਹਾਦਤ ਸਾਡੇ ਅੰਦਰ ਕੁਰਬਾਨੀ ਦਾ ਜਜ਼ਬਾ ਭਰਦੀ ਹੈ। ਬੰਦਾ ਬਹਾਦਰ ਦੀ ਦੂਰਅੰਦੇਸ਼ੀ ਸੋਚ ਸੀ ਕਿ ਜ਼ਮੀਨਾਂ ਨੂੰ ਵਾਹੁਣ ਵਾਲੇ ਹੀ ਜ਼ਮੀਨ ਦੇ ਮਾਲਕ ਹੋਣੇ ਚਾਹੀਦੇ ਹਨ ਜੋ ਆਪਦੇ ਫੈਸਲੇ ਆਪ ਕਰ ਸਕਣ। ਪੁਸਤਕ ਦੀ ਜਾਣ-ਪਹਿਚਾਣ ਕਰਵਾਉਂਦਿਆਂ ਉੱਘੇ ਰੰਗਕਰਮੀ ਡਾ. ਨਿਰਮਲ ਜੌੜਾ ਨੇ ਕਿਹਾ ਕਿ ਇਹ ਇੱਕ ਅਕਾਦਮਿਕ ਦਸਤਾਵੇਜ਼ ਹੈ ਜੋ ਬੰਦਾ ਬਹਾਦਰ ਦੀ ਸ਼ਖ਼ਸੀਅਤ ਦੇ ਦਰਸ਼ਨ ਕਰਾਉਂਦਾ ਹੈ। ਪੁਸਤਕ ਦੇ ਸੰਪਾਦਕ ਡਾ. ਕੁਲਦੀਪ ਸਿੰਘ ਨੇ ਕਿਹਾ ਕਿ ਇਤਿਹਾਸ ਦੀ ਸੰਭਾਲ ਸਮੇਂ ਦੀ ਲੋੜ ਹੁੰਦੀ ਹੈ।
ਇਸ ਮੌਕੇ ਉਮਰਾਓ ਸਿੰਘ ਛੀਨਾ, ਬਾਬਾ ਅਮਨਦੀਪ, ਪ੍ਰਬੰਧਕੀ ਸਕੱਤਰ ਅਮਨਦੀਪ ਬਾਵਾ, ਪੁਸ਼ਪਿੰਦਰ ਸ਼ਰਮਾ, ਫਾਊਂਡੇਸ਼ਨ ਦੇ ਯੂਥ ਵਿੰਗ ਦੇ ਪ੍ਰਧਾਨ ਬਿਕਰਮ ਸਿੰਘ ਘੁੰਮਣ, ਬਾਵਾ ਰਵਿੰਦਰ ਸਿੰਘ ਨੰਦੀ, ਅਰਜਨ ਬਾਵਾ, ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ ਦੇ ਚੰਡੀਗੜ ਇਕਾਈ ਦੇ ਪ੍ਰਧਾਨ ਹਰਿੰਦਰ ਸਿੰਘ ਹੰਸ ਤੇ ਚੇਅਰਮੈਨ ਜਗਮੋਹਨ ਸਿੰਘ ਬਰਾੜ ਹਾਜ਼ਰ ਸਨ।