ਬਾਬਾ ਜਗਤਾਰ ਸਿੰਘ ਡੇਰੇ ‘ਚ ਹਥਿਆਰਬੰਦਾਂ ਵੱਲੋਂ ਡੇਢ ਕਰੋੜ ਤੋਂ ਵੱਧ ਦੀ ਲੁੱਟ

863

-ਡੇਰੇ ਦੇ ਖਜ਼ਾਨਚੀ ਤੇ ਸੇਵਾਦਾਰ ਨੂੰ ਬੰਧਕ ਬਣਾ ਕੇ ਦਿੱਤਾ ਵਾਰਦਾਤ ਨੂੰ ਅੰਜਾਮ
ਤਰਨ ਤਾਰਨ, 26 ਫਰਵਰੀ (ਪੰਜਾਬ ਮੇਲ)- ਗੋਇੰਦਵਾਲ ਰੋਡ ਸਥਿਤ ਡੇਰਾ ਬਾਬਾ ਜਗਤਾਰ ਸਿੰਘ ‘ਚ ਚਾਰ ਹਥਿਆਰਬੰਦਾਂ ਨੇ ਵੱਡੀ ਘਟਨਾ ਨੂੰ ਅੰਜਾਮ ਦਿੰਦਿਆਂ ਡੇਰੇ ਦੇ ਖ਼ਜ਼ਾਨਚੀ ਬਾਬਾ ਮਹਿੰਦਰ ਸਿੰਘ ਅਤੇ ਇਕ ਸੇਵਾਦਾਰ ਨੂੰ ਬੰਧਕ ਬਣਾ ਕੇ ਡੇਢ ਕਰੋੜ ਤੋਂ ਵੱਧ ਦੀ ਰਾਸ਼ੀ ਲੁੱਟ ਲਈ। ਲੁਟੇਰਿਆਂ ਵਲੋਂ ਮੌਕੇ ‘ਤੇ ਕਮਰੇ ‘ਚ ਪਏ ਛੋਟੇ ਨੋਟਾਂ ਦੀ ਹਜ਼ਾਰਾਂ ਰੁਪਏ ਦੀ ਰਕਮ ਨੂੰ ਨਹੀਂ ਛੇੜਿਆ, ਬਲਕਿ 2 ਹਜ਼ਾਰ, 500, 200 ਅਤੇ ਸੌ-ਸੌ ਦੇ ਨੋਟਾਂ ਦੇ ਬੰਡਲ ਹੀ ਬੋਰੀਆਂ ‘ਚ ਪਾ ਕੇ ਫ਼ਰਾਰ ਹੋ ਗਏ। ਤਰਨ ਤਾਰਨ ਦੇ ਐੱਸ.ਐੱਸ.ਪੀ. ਧਰੁਵ ਦਹੀਆ, ਐੱਸ.ਪੀ.ਡੀ. ਜਗਜੀਤ ਸਿੰਘ ਵਾਲੀਆ ਅਤੇ ਹੋਰ ਅਧਿਕਾਰੀ ਮੌਕੇ ‘ਤੇ ਪਹੁੰਚ ਗਏ। ਡੇਰੇ ਦੇ ਸੇਵਾਦਾਰ ਬਖ਼ਸ਼ੀਸ਼ ਸਿੰਘ ਦੇ ਬਿਆਨਾਂ ‘ਤੇ ਥਾਣਾ ਸਿਟੀ ਦੀ ਪੁਲਿਸ ਨੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਡੇਰੇ ਦੇ ਖ਼ਜ਼ਾਨਚੀ ਬਾਬਾ ਮਹਿੰਦਰ ਸਿੰਘ ਨੇ ਦੱਸਿਆ ਕਿ ਰਾਤ ਸਾਢੇ ਗਿਆਰਾਂ ਵਜੇ ਦੇ ਕਰੀਬ ਚਾਰ ਵਿਅਕਤੀਆਂ ਨੇ ਡੇਰੇ ਦਾ ਮੁੱਖ ਦਰਵਾਜ਼ਾ ਖੜਕਾ ਕੇ ਉੱਥੇ ਮੌਜੂਦ ਡੇਰੇ ਦੇ ਸੇਵਕ ਬਖ਼ਸ਼ੀਸ਼ ਸਿੰਘ ਨੂੰ ਕਿਹਾ ਕਿ ਉਨ੍ਹਾਂ ਦੀ ਗੱਲ ਟੈਲੀਫ਼ੋਨ ‘ਤੇ ਬਾਬਾ ਮਹਿੰਦਰ ਸਿੰਘ ਨਾਲ ਹੋ ਗਈ ਹੈ। ਉਨ੍ਹਾਂ ਨੇ ਮਰੀਜ਼ ਸਬੰਧੀ ਗੱਲ ਕਰਨੀ ਹੈ, ਜਿਸ ‘ਤੇ ਬਖ਼ਸ਼ੀਸ਼ ਸਿੰਘ ਨੇ ਡੇਰੇ ਦਾ ਗੇਟ ਖੋਲ੍ਹ ਦਿੱਤਾ ਅਤੇ ਉਕਤ ਚਾਰੇ ਹਥਿਆਰਬੰਦ ਵਿਅਕਤੀ ਸਵਿਫ਼ਟ ਕਾਰ ‘ਚ ਅੰਦਰ ਦਾਖ਼ਲ ਹੋ ਗਏ। ਕਾਰ ਵਿਚੋਂ ਤਿੰਨ ਹਥਿਆਰਬੰਦ ਨੌਜਵਾਨ ਬਾਬਾ ਮਹਿੰਦਰ ਸਿੰਘ ਦੇ ਕਮਰੇ ਵਿਚ ਦਾਖ਼ਲ ਹੋ ਗਏ। ਜਿੱਥੇ ਉਨ੍ਹਾਂ ਨੇ ਬਾਬਾ ਮਹਿੰਦਰ ਸਿੰਘ ਦੀ ਕੁੱਟਮਾਰ ਕੀਤੀ ਅਤੇ ਉਸ ਨੂੰ ਬਾਥਰੂਮ ਵਿਚ ਲਿਜਾ ਕੇ ਉਨ੍ਹਾਂ ਦੇ ਹੱਥ ਅਤੇ ਮੂੰਹ ਬੰਨ੍ਹ ਦਿੱਤੇ। ਇਸੇ ਦੌਰਾਨ ਲੁਟੇਰਿਆਂ ਨੇ ਦਰਵਾਜ਼ਾ ਖੋਲ੍ਹ ਕੇ ਬਖ਼ਸ਼ੀਸ਼ ਸਿੰਘ ਨੂੰ ਵੀ ਅੰਦਰ ਖਿੱਚ ਲਿਆ ਅਤੇ ਉਸ ਦੀ ਕੁੱਟਮਾਰ ਕੀਤੀ। ਕਮਰੇ ਵਿਚ ਲਗਪਗ 20 ਮਿੰਟ ਤੱਕ ਲੁਟੇਰਿਆਂ ਨੇ ਹਥਿਆਰਾਂ ਦੀ ਨੋਕ ‘ਤੇ ਬਾਬਾ ਮਹਿੰਦਰ ਸਿੰਘ ਅਤੇ ਸੇਵਾਦਾਰ ਬਖ਼ਸ਼ੀਸ਼ ਸਿੰਘ ਨੇ ਬੰਧਕ ਬਣਾ ਕੇ ਕਮਰੇ ਵਿਚ ਪਈ ਕਰੀਬ ਡੇਢ ਕਰੋੜ ਤੋਂ ਵੱਧ ਦੀ ਰਾਸ਼ੀ ਦੀ ਰਕਮ ਨੂੰ ਬੋਰੀਆਂ ਵਿਚ ਪਾ ਕੇ ਕਾਰ ‘ਚ ਰੱਖ ਲਿਆ ਅਤੇ ਫ਼ਰਾਰ ਹੋ ਗਏ। ਵਰਨਣਯੋਗ ਹੈ ਕਿ ਕਮਰੇ ‘ਚ ਪਈ ਲੱਖਾਂ ਰੁਪਏ ਦੇ ਛੋਟੇ ਨੋਟਾਂ ਦੀ ਰਕਮ ਨੂੰ ਲੁਟੇਰਿਆਂ ਨੇ ਹੱਥ ਨਹੀਂ ਲਗਾਇਆ। ਸੇਵਾਦਾਰ ਬਖ਼ਸ਼ੀਸ਼ ਸਿੰਘ ਵਲੋਂ ਰੌਲਾ ਪਾਉਣ ‘ਤੇ ਉਨ੍ਹਾਂ ਪਹਿਲਾਂ ਬਾਬਾ ਮਹਿੰਦਰ ਸਿੰਘ ਨੂੰ ਬਾਥਰੂਮ ਵਿਚੋਂ ਬਾਹਰ ਕੱਢਿਆ ਅਤੇ ਡੇਰੇ ਦੇ ਮੁਖੀ ਬਾਬਾ ਜਗਤਾਰ ਸਿੰਘ ਜੋ ਕਿ ਪਿਛਲੇ ਕਮਰੇ ‘ਚ ਸਾ ਰਹੇ ਸਨ, ਨੂੰ ਸਾਰੀ ਸੂਚਨਾ ਦਿੱਤੀ। ਲੁੱਟ ਦੀ ਘਟਨਾ ਡੇਰੇ ਵਿਚ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਵਿਚ ਕੈਦ ਹੋ ਗਈ।