ਬਾਦਲ ਸਪੱਸ਼ਟ ਕਰਨ ਕਿ ਆਪਣੀ ਅਖੌਤੀ ਪੰਥਕ ਸਰਕਾਰ ਸਮੇਂ ਸੁਮੇਧ ਸੈਣੀ ਵਰਗੇ ਅਪਰਾਧੀ ਅਫਸਰ ਨੂੰ ਡੀ.ਜੀ.ਪੀ ਪੰਜਾਬ ਕਿਉਂ ਲਗਾਇਆ ਸੀ : ਖਹਿਰਾ

804

ਚੰਡੀਗੜ੍ਹ, 9 ਮਈ (ਪੰਜਾਬ ਮੇਲ)- ਅੱਜ ਇਥੇ ਇੱਕ ਸਖਤ ਸ਼ਬਦਾਂ ਵਿੱਚ ਬਿਆਨ ਜਾਰੀ ਕਰਦੇ ਹੋਏ ਸਾਬਕਾ ਵਿਰੋਧੀ ਧਿਰ ਦੇ ਨੇਤਾ ਐਮ.ਐਲ.ਏ ਸੁਖਪਾਲ ਸਿੰਘ ਖਹਿਰਾ ਨੇ ਬਾਦਲ ਜੋੜੀ ਨੂੰ ਉਹਨਾਂ ਦੀ ਅਖੋਤੀ ਪੰਥਕ ਸਰਕਾਰ ਦੇ ਸਮੇਂ ਸੁਮੇਧ ਸੈਣੀ ਦੀ ਡੀ.ਜੀ.ਪੀ ਵਜੋਂ ਕੀਤੀ ਨਿਯੁਕਤੀ ਉੱਪਰ ਸਵਾਲ ਕੀਤਾ। ਖਹਿਰਾ ਨੇ ਕਿਹਾ ਕਿ ਭਾਂਵੇ ਕੈਪਟਨ ਸਰਕਾਰ ਨੇ ਦੇਰੀ ਨਾਲ ਹੀ ਪਰ ਸੁਮੇਧ ਸੈਣੀ ਖਿਲਾਫ ਸੰਨ 1991 ਵਿੱਚ ਸਾਬਕਾ ਆਈ.ਏ.ਐਸ ਅਫਸਰ ਦਰਸ਼ਨ ਸਿੰਘ ਮੁਲਤਾਨੀ ਦੇ ਬੇਟੇ ਬਲਵੰਤ ਸਿੰਘ ਮੁਲਤਾਨੀ ਨੂੰ ਅਗਵਾ ਕਰਨ, ਗਾਇਬ ਕਰਨ ਆਦਿ ਦੀ ਐਫ.ਆਈ.ਆਰ ਦਰਜ਼ ਕਰ ਦਿੱਤੀ ਹੈ।
ਖਹਿਰਾ ਨੇ ਕਿਹਾ ਕਿ ਚੰਡੀਗੜ ਸਮੇਤ ਪੰਜਾਬ ਦੇ ਵੱਖ ਵੱਖ ਜਿਲਿਆਂ ਦੇ ਐਸ.ਐਸ.ਪੀ ਵਜੋਂ ਆਪਣੇ ਕਾਰਜਕਾਲ ਦੋਰਾਨ ਬੇਕਸੂਰ ਲੋਕਾਂ ਨੂੰ ਝੂਠੇ ਮੁਕਾਬਲਿਆਂ ਵਿੱਚ ਮਾਰਨ ਦਾ ਸੁਮੇਧ ਸੈਣੀ ਉੱਪਰ ਇਹ ਕੋਈ ਪਹਿਲਾ ਇਲਜਾਮ ਨਹੀਂ ਹੈ। ਉਹਨਾਂ ਕਿਹਾ ਕਿ ਹਕੀਕਤ ਇਹ ਹੈ ਕਿ ਪੰਜਾਬ ਦੇ ਕਾਲੇ ਸਮੇਂ ਦੋਰਾਨ ਬੇਕਸੂਰਾਂ ਨੂੰ ਝੂਠੇ ਮੁਕਾਬਲਿਆਂ ਵਿੱਚ ਮਾਰਨ ਅਤੇ ਥਰਡ ਡਿਗਰੀ ਟਰਾਚਰ ਦੇਣ ਦਾ ਮਾਸਟਰ ਮਾਈਂਡ ਸੈਣੀ ਸੀ। ਖਹਿਰਾ ਨੇ ਕਿਹਾ ਕਿ ਸੈਣੀ, ਕੇਪੀਐਸ ਗਿੱਲ, ਜੇ.ਐਫ ਰਿਬੈਰੋ ਵਰਗੇ ਅਫਸਰ ਇਨਕਾਊਂਟਰ ਸਪੈਸ਼ਲਿਸਟ ਅਤੇ ਵਰਦੀ ਵਿਚਲੇ ਅਪਰਾਧੀ ਸਨ ਜਿਹਨਾਂ ਨੇ ਫਰਜੀ ਮੁਕਾਬਲਿਆਂ ਵਿੱਚ ਸੈਂਕੜੇ ਬੇਕਸੂਰ ਨੋਜਵਾਨਾਂ ਦਾ ਕਤਲ ਕਰ ਦਿੱਤਾ। ਉਹਨਾਂ ਕਿਹਾ ਕਿ ਜੁਬਾਨੀ ਹੁਕਮਾਂ ਉੱਪਰ ਲੋਕਾਂ ਨੂੰ ਮਾਰਨ ਲਈ ਪੂਹਲਾ ਨਿਹੰਗ, ਪਿੰਕੀ ਆਦਿ ਵਰਗੇ ਪੁਲਿਸ ਕੈਟ ਬਣਾਉਣ ਲਈ ਵੀ ਉਹ ਜਿੰਮੇਵਾਰ ਸਨ।
ਖਹਿਰਾ ਨੇ ਕਿਹਾ ਕਿ ਸੁਮੇਧ ਸੈਣੀ ਨੂੰ ਪਹਿਲਾਂ ਚੀਫ ਵਿਜੀਲੈਂਸ ਅਫਸਰ ਅਤੇ ਫਿਰ ਡੀ.ਜੀ.ਪੀ ਬਣਾਉਣ ਸਮੇਂ ਬਾਦਲ ਚੰਗੀ ਤਰਾਂ ਜਾਣਦੇ ਸਨ ਕਿ ਸੁਮੇਧ ਸੈਣੀ ਖਿਲਾਫ ਸੰਨ 1994 ਵਿੱਚ ਬਹੁਚਰਚਿਤ ਸੈਣੀ ਮੋਟਰਸ ਨਾਲ ਸਬੰਧਿਤ ਅਗਵਾ ਅਤੇ ਤਿਹਰੇ ਕਤਲਕਾਂਡ ਦਾ ਮਾਮਲਾ ਦਿੱਲੀ ਦੀ ਵਿਸ਼ੇਸ਼ ਸੀ.ਬੀ.ਆਈ ਕੋਰਟ ਵਿੱਚ ਪੈਡਿੰਗ ਚੱਲ ਰਿਹਾ ਹੈ। ਖਹਿਰਾ ਨੇ ਕਿਹਾ ਕਿ ਇਹ ਖੁੱਲਾ ਭੇਤ ਹੈ ਕਿ ਸੈਣੀ ਦੀ ਸ਼ਹਿ ਉੱਪਰ ਹੀ 90 ਦੇ ਦਹਾਕੇ ਵਿੱਚ ਪੂਹਲੇ ਨਿਹੰਗ ਨੇ ਜਟਾਣਾ ਪਰਿਵਾਰ ਨੂੰ ਪਹਿਲਾਂ ਮਾਰਿਆ ਅਤੇ ਘਰ ਸਮੇਤ ਉਹਨਾਂ ਨੂੰ ਅੱਗ ਲਗਾ ਦਿੱਤੀ ਸੀ।
ਖਹਿਰਾ ਨੇ ਕਿਹਾ ਕਿ ਇਹ ਬਹੁਤ ਦੁਖਦਾਈ ਸੀ ਕਿ ਸੁਪਰੀਮ ਕੋਰਟ ਨੇ ਪੁਖਤਾ ਸਬੂਤ ਹੋਣ ਦੇ ਬਾਵਜੂਦ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਨਿਰਦੇਸ਼ਾਂ ਉੱਪਰ ਸੀ.ਬੀ.ਆਈ ਵੱਲੋਂ ਇਸੇ ਬਲਵੰਤ ਸਿੰਘ ਮਾਮਲੇ ਵਿੱਚ ਦਰਜ ਕੀਤੀ ਐਫ.ਆਈ.ਆਰ ਖਾਰਿਜ ਕਰ ਦਿੱਤੀ ਸੀ ਜਿਸ ਕਾਰਨ ਦਹਾਕਿਆਂ ਤੱਕ ਇਹ ਅਪਰਾਧੀ ਅਜਾਦ ਘੁੰਮਦਾ ਰਿਹਾ। ਖਹਿਰਾ ਨੇ ਕਿਹਾ ਕਿ ਸੁਮੇਧ ਸੈਣੀ ਵਰਗੇ ਅਪਰਾਧੀਆਂ ਨੂੰ ਭਾਰਤ ਦੀ ਅੰਦਰੂਨੀ ਸਟੇਟ ਪਾਲਿਸੀ ਤਹਿਤ ਬਚਾਇਆ ਜਾਂਦਾ ਹੈ ਤਾ ਕਿ ਵਰਦੀ ਵਿਚਲੇ ਅਜਿਹੇ ਅਪਰਾਧੀਆਂ ਕੋਲੋਂ ਨਿਰਦੋਸ਼ ਵਿਸ਼ੇਸ਼ ਤੋਰ ਉੱਪਰ ਘੱਟ ਗਿਣਤੀਆਂ ਨੂੰ ਖਤਮ ਕਰਵਾਇਆ ਜਾ ਸਕੇ।
ਖਹਿਰਾ ਨੇ ਕਿਹਾ ਕਿ ਪਹਿਲਾਂ ਦਰਬਾਰ ਸਾਹਿਬ ਉੱਪਰ ਹਮਲਾ ਕਰਵਾਉਣ ਅਤੇ ਫਿਰ 1984 ਵਿੱਚ ਦਿੱਲੀ ਵਿਖੇ ਸਿੱਖਾਂ ਦਾ ਕਤਲੇਆਮ ਕਰਵਾਉਣ ਵਾਲੀ ਕਾਂਗਰਸ ਪਾਰਟੀ ਵੱਲੋਂ ਸਿੱਖ ਵਿਰੋਧੀ ਕਾਰੇ ਕੀਤਾ ਜਾਣਾ ਤਾਂ ਸਮਝ ਆਉਂਦਾ ਹੈ ਪਰੰਤੂ ਬਾਦਲ ਜਿਹੜੇ ਕਿ ਖੁਦ ਨੂੰ ਪੰਥਕ ਹੋਣ ਅਤੇ ਸਿੱਖ ਕੋਮ ਦੇ ਇੱਕਲੋਤੇ ਰਖਵਾਲੇ ਹੋਣ ਦਾ ਦਾਅਵਾ ਕਰਦੇ ਹਨ ਉਹ ਸੁਮੇਧ ਸੈਣੀ ਵਰਗੇ ਅਪਰਾਧੀਆਂ ਨੂੰ ਬਚਾ ਅਤੇ ਆਲਾ ਕੁਰਸੀਆਂ ਨਾਲ ਕਿਉਂ ਨਿਵਾਜ ਰਹੇ ਹਨ? ਖਹਿਰਾ ਨੇ ਸਵਾਲ ਕੀਤਾ ਕਿ ਚਰਚਿਤ ਆਲਮ ਸੈਨਾ ਬਣਾਉਣ ਲਈ ਮਸ਼ਹੂਰ ਇਜਹਾਰ ਆਲਮ ਵਰਗੇ ਅਫਸਰਾਂ ਨੂੰ ਨਿਵਾਜ ਕੇ ਮਲੇਰਕੋਟਲਾ ਵਾਂਗ ਐਮ.ਐਲ.ਏ ਸੀਟਾਂ ਕਿਉਂ ਦਿੰਦੇ ਹਨ? ਬਾਦਲਾਂ ਨੇ ਅਕਤੂਬਰ 2015 ਵਿੱਚ ਉਹਨਾਂ ਦੇ ਸ਼ਾਸਨ ਦੋਰਾਨ ਬਹਿਬਲ ਕਲਾਂ ਫਾਇਰਿੰਗ ਵਿੱਚ ਦੋ ਬੇਕਸੂਰ ਸਿੱਖ ਨੋਜਵਾਨਾਂ ਨੂੰ ਮਾਰਨ ਵਾਲੇ ਦੋਸ਼ੀ ਪੁਲਿਸ ਅਫਸਰਾਂ ਖਿਲਾਫ ਕੋਈ ਕਾਰਵਾਈ ਕਿਉਂ ਨਹੀਂ ਕੀਤੀ?
ਖਹਿਰਾ ਨੇ ਕਿਹਾ ਕਿ ਸੱਚ ਇਹ ਹੈ ਕਿ ਬਾਦਲ ਭਾਰਤ ਰਾਜ ਦੇ ਹੱਥ ਠੋਕੇ ਅਤੇ ਏਜੰਟ ਹਨ ਜਿਹਨਾਂ ਨੇ ਆਪਣੀ ਸਿੱਖ ਲੀਡਰ ਵਜੋਂ ਪਹਿਚਾਣ ਦੀ ਵਰਤੋਂ ਸਿੱਖਾਂ ਨੂੰ ਤਬਾਹ, ਬਦਨਾਮ ਅਤੇ ਨਸਲਕੁਸ਼ੀ ਕਰਨ ਲਈ ਕੀਤੀ ਅਤੇ ਇਸ ਬਦਲੇ ਬਾਦਲਾਂ ਨੇ ਹਜਾਰਾਂ ਕਰੋੜ ਰੁਪਏ ਦਾ ਗਲਤ ਢੰਗਾਂ ਨਾਲ ਪੈਸਾ ਇਕੱਠਾ ਕੀਤਾ ਅਤੇ ਉਹਨਾਂ ਦੇ ਅਸ਼ੀਰਵਾਦ ਨਾਲ ਅਜਾਦ ਘੁੰਮ ਰਹੇ ਹਨ। ਖਹਿਰਾ ਨੇ ਬਾਦਲ ਜੋੜੀ ਨੂੰ ਚੁਣੋਤੀ ਦਿੱਤੀ ਕਿ ਉਹਨਾਂ ਦੇ ਸਿੱਖ ਵਿਰੋਧੀ ਏਜੰਡੇ ਉੱਪਰ ਆਪਣੀ ਪਸੰਦ ਦੇ ਸਥਾਨ ਅਤੇ ਸਮੇਂ ਉੱਪਰ ਜਦ ਮਰਜੀ ਖੁੱਲੀ ਬਹਿਸ ਕਰ ਲੈਣ।