ਬਾਜਵਾ ਤੇ ਦੂਲੋ ਖਿਲਾਫ਼ ਕਾਰਵਾਈ ਲਈ ਸੋਨੀਆ ਗਾਂਧੀ ਨੂੰ ਚਿੱਠੀ ਲਿਖਣਗੇ ਸੁਨੀਲ ਜਾਖੜ

495
Share

ਚੰਡੀਗੜ੍ਹ, 5 ਅਗਸਤ (ਪੰਜਾਬ ਮੇਲ)- ਆਪਣੀ ਹੀ ਸਰਕਾਰ ਖਿਲਾਫ਼ ਝੰਡਾ ਚੁੱਕਣ ਵਾਲੇ ਕਾਂਗਰਸੀ ਸਾਂਸਦਾਂ ਪ੍ਰਤਾਪ ਸਿੰਘ ਬਾਜਵਾ ਤੇ ਸ਼ਮਸ਼ੇਰ ਸਿੰਘ ਦੂਲੋ ਖਿਲਾਫ਼ ਐਕਸ਼ਨ ਲਈ ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਪਾਰਟੀ ਪ੍ਰਧਾਨ ਸੋਨੀਆ ਗਾਂਧੀ ਨੂੰ ਚਿੱਠੀ ਲਿਖਣਗੇ। ਜਾਖੜ ਨੇ ਦੋਵਾਂ ਦੀ ਸਖ਼ਤ ਸ਼ਬਦਾਂ ‘ਚ ਅਲੋਚਨਾ ਕਰਦੇ ਹੋਏ ਕਿਹਾ, ‘ਜਿਸ ਥਾਲੀ ਮੇਂ ਖਾਤੇ ਹੈਂ ਉਸੀ ਮੇਂ ਛੇਦ ਕਰਤੇ ਹੈਂ।’ ਉਨ੍ਹਾਂ ਕਿਹਾ ਕਿ ਉਹ ਉਨ੍ਹਾਂ ਦੋਵਾਂ ਸੰਸਦ ਮੈਂਬਰਾਂ ਖ਼ਿਲਾਫ਼ ਸਖ਼ਤ ਕਾਰਵਾਈ ਦੀ ਮੰਗ ਕਰਨਗੇ, ਜੋ ਆਪਣੀਆਂ ਸਿਆਸੀ ਇੱਛਾਵਾਂ ਤੇ ਹਿੱਤਾਂ ਨੂੰ ਅੱਗੇ ਵਧਾਉਣ ਲਈ ਦੁਖਾਂਤ ‘ਤੇ ਰਾਜਨੀਤੀ ਕਰ ਰਹੇ ਹਨ। ਪੰਜਾਬ ਕਾਂਗਰਸ ਦੇ ਮੁਖੀ ਨੇ ਕਿਹਾ ਕਿ ਬਾਜਵਾ ਤੇ ਦੂਲੋ ਦੀਆਂ ਹਰਕਤਾਂ ਨੂੰ ਹੁਣ ਹੋਰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਆਦਮੀ, ਜਿਨ੍ਹਾਂ ਕੋਲ ਚੋਣਾਂ ਦਾ ਸਾਹਮਣਾ ਕਰਨ ਦੀ ਹਿੰਮਤ ਵੀ ਨਹੀਂ ਸੀ, ਉਹ ਪਾਰਟੀ ਦੀ ਕੋਈ ਸੰਪਤੀ ਨਹੀਂ ਹਨ। ਇਸ ਤਰ੍ਹਾਂ ਪਿੱਛੋਂ ਛੁਰਾ ਮਾਰਨ ਵਾਲੇ ਮੈਂਬਰਾਂ ਤੋਂ ਸਾਨੂੰ ਬਚਣ ਦੀ ਲੋੜ ਹੈ। ਸਾਨੂੰ ਪਹਿਲਾਂ ਹੀ ਇਨ੍ਹਾਂ ਨੂੰ ਬਾਹਰ ਦਾ ਰਸਤਾ ਵਿਖਾਉਣ ਦੀ ਲੋੜ ਹੈ, ਇਸ ਤੋਂ ਪਹਿਲਾਂ ਕਿ ਇਹ ਸਾਨੂੰ ਕੋਈ ਗੰਭੀਰ ਨੁਕਸਾਨ ਪਹੁੰਚਾਉਣ। ਤੁਹਾਨੂੰ ਦੱਸ ਦੇਈਏ ਕਿ ਕਾਂਗਰਸ ਦੇ ਸੰਸਦ ਮੈਂਬਰ ਬਾਜਵਾ ਅਤੇ ਦੁੱਲੋ ਕੱਲ ਰਾਜਪਾਲ ਕੋਲ ਜ਼ਹਿਰੀਲੀ ਸ਼ਰਾਬ ਮਾਮਲੇ ‘ਚ ਸੀ.ਬੀ.ਆਈ. ਤੇ ਇਨਫੋਰਸਮੈਂਟ ਵਿਭਾਗ (ਈ.ਡੀ.) ਤੋਂ ਜਾਂਚ ਦੀ ਮੰਗ ਕਰਨ ਲਈ ਗਏ ਸਨ।


Share