ਬਾਈਡੇਨ ਹਰ ਅਮਰੀਕੀ ਦੇ ਖਾਤੇ ‘ਚ ਪਾਉਣਗੇ 1400 ਡਾਲਰ

288
Share

ਵਾਸ਼ਿੰਗਟਨ, 16 ਜਨਵਰੀ (ਪੰਜਾਬ ਮੇਲ)- 20 ਜਨਵਰੀ ਨੂੰ ਅਮਰੀਕਾ ਦੇ ਰਾਸ਼ਟਰਪਤੀ ਬਣਨ ਜਾ ਰਹੇ ਜੋਅ ਬਾਈਡੇਨ ਨੇ ਆਪਣਾ ਸਭ ਤੋਂ ਅਹਿਮ ਚੋਣ ਵਾਅਦਾ ਪੂਰਾ ਕਰਨ ਦੀ ਘੋਸ਼ਣਾ ਕਰ ਦਿੱਤੀ ਹੈ। ਬਾਈਡੇਨ ਨੇ ਕੋਰੋਨਾ ਕਾਰਨ ਗੰਭੀਰ ਰੂਪ ਨਾਲ ਪ੍ਰਭਾਵਿਤ ਹੋਈ ਅਮਰੀਕੀ ਆਰਥਿਕਤਾ ਨੂੰ ਮੁੜ ਲੀਹ ‘ਤੇ ਪਾਉਣ ਲਈ 1.9 ਲੱਖ ਕਰੋੜ ਡਾਲਰ ਦੇ ਰਾਹਤ ਪੈਕੇਜ ਦੀ ਘੋਸ਼ਣਾ ਕੀਤੀ ਹੈ। ਇਸ ਨੂੰ ਕੁਝ ਹਿੱਸਿਆਂ ਵਿਚ ਵੰਡਿਆ ਗਿਆ ਹੈ। ਪੈਕੇਜ ਨੂੰ ਸੰਸਦ ਦੇ ਦੋਹਾਂ ਸਦਨਾਂ ਵਿਚ ਪਾਸ ਕਰਾਉਣਾ ਹੋਵੇਗਾ। ਮੋਟੇ ਤੌਰ ‘ਤੇ ਦੇਖੀਏ ਤਾਂ ਪੈਕੇਜ ਲਾਗੂ ਹੋਣ ਤੋਂ ਬਾਅਦ ਹਰ ਅਮਰੀਕੀ ਦੇ ਖਾਤੇ ਵਿਚ 1400 ਡਾਲਰ ਭੇਜੇ ਜਾਣਗੇ।

ਇਕ ਹੋਰ ਖ਼ਾਸ ਗੱਲ ਇਹ ਹੈ ਕਿ ਬਾਈਡੇਨ ਦੇ ਪੈਕੇਜ ਵਿਚ ਛੋਟੇ ਕਾਰੋਬਾਰੀਆਂ ਨੂੰ ਵੀ ਰਾਹਤ ਦਿੱਤੀ ਗਈ ਹੈ। ਪੈਕੇਜ ਨੂੰ ‘ਅਮੈਰੀਕਨ ਰੈਸਕਿਊ ਪਲਾਨ’ ਨਾਂ ਦਿੱਤਾ ਗਿਆ ਹੈ। ਇਸ ਪੈਕੇਜ ਦਾ ਸਿਰਫ਼ ਇਕ ਮਕਸਦ ਅਮਰੀਕੀ ਅਰਥਵਿਵਸਥਾ ਨੂੰ ਪਟੜੀ ‘ਤੇ ਚਾੜ੍ਹਨਾ ਹੈ। ਇਸ ਵਿਚ ਕਾਰੋਬਾਰ, ਸਿੱਖਿਆ ਅਤੇ ਹਰ ਅਮਰੀਕੀ ਨੂੰ ਰਾਹਤ ਦੇਣ ਦਾ ਫ਼ੈਸਲਾ ਕੀਤਾ ਗਿਆ ਹੈ। ਇਸ ਦੇ ਨਾਲ ਹੀ ਟੀਕਾਕਰਨ ‘ਤੇ ਵੀ ਧਿਆਨ ਦਿੱਤਾ ਗਿਆ ਹੈ।

ਸਕੂਲ ਫਿਰ ਖੋਲ੍ਹਣ ਲਈ 130 ਅਰਬ ਡਾਲਰ ਖ਼ਰਚ ਕੀਤੇ ਜਾਣ ਦੀ ਯੋਜਨਾ ਹੈ। ਇਸ ਤੋਂ ਇਲਾਵਾ ਬਾਈਡੇਨ ਬੇਰੁਜ਼ਗਾਰੀ ਭੱਤਾ 300 ਡਾਲਰ ਤੋਂ ਵਧਾ ਕੇ 400 ਡਾਲਰ ਹਰ ਹਫ਼ਤੇ ਕਰਨਾ ਚਾਹੁੰਦੇ ਹਨ। ਸੱਤਾ ਸੰਭਾਲਣ ਦੇ 100 ਦਿਨਾਂ ਵਿਚ ਤਕਰੀਬਨ 10 ਕਰੋੜ ਅਮਰੀਕੀ ਨਾਗਰਿਕਾਂ ਨੂੰ ਟੀਕਾ ਲਾਉਣਾ ਦੀ ਟੀਚਾ ਹੈ।


Share