ਬਾਈਡੇਨ ਪ੍ਰਸ਼ਾਸਨ ਨੇ ਕੀਤੀ ਸੋਮਾਲੀਆ ਵਿੱਚ ਪਹਿਲੀ ਏਅਰ ਸਟਰਾਈਕ

135
Share

ਫਰਿਜ਼ਨੋ, 21 ਜੁਲਾਈ (ਮਾਛੀਕੇ/ਧਾਲੀਆਂ/ਪੰਜਾਬ ਮੇਲ)- ਅਮਰੀਕਾ ਵਿੱਚ ਸੱਤਾ ਸੰਭਾਲਣ ਤੋਂ ਬਾਅਦ ਬਾਈਡੇਨ ਪ੍ਰਸ਼ਾਸਨ ਅਧੀਨ ਮੰਗਲਵਾਰ ਨੂੰ ਅਮਰੀਕੀ ਸੈਨਾ ਨੇ ਸੋਮਾਲੀਆ ਵਿੱਚ ਅੱਤਵਾਦੀਆਂ ਖਿਲਾਫ ਪਹਿਲੀ ਏਅਰ ਸਟਰਾਈਕ (ਹਵਾਈ ਹਮਲਾ) ਕੀਤੀ ਹੈ। ਪੈਂਟਾਗਨ ਦੁਆਰਾ ਜਾਰੀ ਇੱਕ ਰਿਪੋਰਟ ਅਨੁਸਾਰ ਦੇ ਇਸ ਹਵਾਈ ਹਮਲੇ ਨੇ ਸੋਮਾਲੀਆ ਦੇ ਗਲਾਕਾਯੋ ਸ਼ਹਿਰ ਵਿੱਚ ਅਲ ਸ਼ਬਾਬ ਦੇ ਅੱਤਵਾਦੀਆਂ ਨੂੰ ਨਿਸ਼ਾਨਾ ਬਣਾਇਆ। ਹਾਲਾਂਕਿ ਇਸ ਏਅਰ ਸਟਰਾਈਕ ਵਿੱਚ ਕਿਸੇ ਦੇ ਮਰਨ ਜਾਂ ਜਖ਼ਮੀ ਹੋਣ ਦੀ ਜਾਣਕਾਰੀ ਫਿਲਹਾਲ ਅਸਪਸ਼ਟ ਹੈ । ਅਲ ਸ਼ਬਾਬ ਅੱਤਵਾਦੀ ਸੰਗਠਨ, ਓਸਾਮਾ ਬਿਨ ਲਾਦੇਨ ਦੁਆਰਾ ਸਥਾਪਤ ਅੱਤਵਾਦੀ ਸੰਗਠਨ ਅਲ ਕਾਇਦਾ ਨਾਲ ਜੁੜਿਆ ਹੋਇਆ ਹੈ ਅਤੇ ਇਸ ਗਰੁੱਪ ਨੇ ਲੰਮੇ ਸਮੇਂ ਤੋਂ ਸੋਮਾਲੀਆ ਦੀ ਸਰਕਾਰ ਦਾ ਤਖਤਾ ਪਲਟ ਕਰਨ ਅਤੇ ਦੇਸ਼ ਵਿੱਚ ਰਾਜਨੀਤਿਕ ਕੰਟਰੋਲ ਹਾਸਲ ਕਰਨ ਦੀ ਕੋਸ਼ਿਸ਼ ਕੀਤੀ ਹੈ।
ਅਮਰੀਕਾ ਅਕਸਰ ਹਵਾਈ ਹਮਲਿਆਂ  ਵਿੱਚ ਇਸ ਸੰਗਠਨ ਦੇ ਮੈਂਬਰਾਂ ਨੂੰ ਨਿਸ਼ਾਨਾ ਬਣਾਉਂਦਾ ਹੈ, ਪਰ ਬਾਈਡੇਨ ਦੁਆਰਾ ਰਾਸ਼ਟਰਪਤੀ ਦਾ ਅਹੁਦਾ ਸੰਭਾਲਣ ਤੋਂ ਬਾਅਦ ਸੋਮਾਲੀਆ ਵਿੱਚ ਇਹ ਪਹਿਲਾ ਹਮਲਾ ਸੀ। ਅਲ ਸ਼ਬਾਬ ਸੋਮਾਲੀਆ ਵਿੱਚ ਹੋਏ ਕਈ ਬੰਬ ਧਮਾਕਿਆਂ ਅਤੇ ਹੋਰ ਹਮਲਿਆਂ ਲਈ ਜ਼ਿੰਮੇਵਾਰ ਹੈ । ਹਾਲ ਹੀ ਵਿੱਚ ਇਸ ਮਹੀਨੇ ਦੇ ਸ਼ੁਰੂ ਵਿੱਚ ਇਸ ਗਰੁੱਪ ਦੁਆਰਾ ਦੇਸ਼ ਦੀ ਰਾਜਧਾਨੀ ਮੋਗਾਦੀਸ਼ੂ ਵਿੱਚ ਇੱਕ ਬੰਬ ਧਮਾਕਾ ਕੀਤਾ ਗਿਆ , ਜਿਸ ਵਿੱਚ  ਨੌਂ ਲੋਕਾਂ ਦੀ ਮੌਤ ਹੋ ਗਈ ਸੀ।

Share