ਬਾਈਡੇਨ ਪ੍ਰਸ਼ਾਸਨ ਪਨਾਹ ਲਈ 25,000 ਲੋਕਾਂ ਨੂੰ ਅਮਰੀਕਾ ਆਉਣ ਦੀ ਦੇਵੇਗਾ ਇਜਾਜ਼ਤ

147
Share

ਸੈਨ ਡਿਏਗੋ, 13 ਫਰਵਰੀ (ਪੰਜਾਬ ਮੇਲ)- ਅਮਰੀਕੀ ਸਰਕਾਰ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਪਨਾਹ ਲਈ ਮੈਕਸੀਕੋ ‘ਚ ਇੰਤਜ਼ਾਰ ਕਰ ਰਹੇ ਕਰੀਬ 25,000 ਲੋਕਾਂ ਨੂੰ ਅਦਾਲਤ ‘ਚ ਇਮੀਗ੍ਰੇਸ਼ਨ ਮਾਮਲਿਆਂ ਦੀ ਸੁਣਵਾਈ ‘ਚ ਹਿੱਸਾ ਲੈਣ ਲਈ ਅਮਰੀਕਾ ਆਉਣ ਦੀ ਇਜਾਜ਼ਤ ਦਿੱਤੀ ਜਾਵੇਗੀ। ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੀਆਂ ਨੀਤੀਆਂ ਕਾਰਣ ਤਕਰੀਬਨ 70 ਹਜ਼ਾਰ ਲੋਕ ਮੈਕਸੀਕੋ ‘ਚ ਫਸੇ ਹਨ ਜੋ ਅਮਰੀਕਾ ‘ਚ ਪਨਾਹ ਮੰਗ ਰਹੇ ਹਨ।

ਅਮਰੀਕੀ ਰਾਸ਼ਟਰਪਤੀ ਜੋ ਬਾਈਡੇਨ ਦੇ ਪ੍ਰਸ਼ਾਸਨ ਨੇ ਕਿਹਾ ਕਿ ਪਨਾਹ ਲਈ ਮੈਕਸੀਕੋ ‘ਚ ਇੰਤਜ਼ਾਰ ਕਰ ਰਹੇ 25,000 ਲੋਕਾਂ ਦੇ ਬਕਾਏ ਕੇਸ ਦੀ ਸੁਣਵਾਈ 19 ਫਰਵਰੀ ਨੂੰ ਅਮਰੀਕਾ ਦੀ ਅਦਾਲਤ ‘ਚ ਹੋਵੇਗੀ। ਇਕ ਅਧਿਕਾਰੀ ਨੇ ਦੱਸਿਆ ਕਿ ਸਰਕਾਰ ਦੋਵਾਂ ਦੇਸ਼ਾਂ ਦੇ ਦੋ ਸਰਹੱਦੀ ਥਾਂ ਨੂੰ ਹੌਲੀ-ਹੌਲੀ ਖੋਲ੍ਹਣਾ ਚਾਹੁੰਦੀ ਹੈ ਅਤੇ ਹਰੇਕ ਸਰਹੱਦ ‘ਤੇ ਰੋਜ਼ਾਨਾ ਇਕ ਕਾਫਲੇ ‘ਚ ਜ਼ਿਆਦਾਤਰ 300 ਲੋਕਾਂ ਨੂੰ ਸਰਹੱਦ ਪਾਰ ਕਰਨ ਦੀ ਇਜਾਜ਼ਤ ਹੋਵੇਗੀ।

ਟਰੰਪ ਦੇ ਫੈਸਲੇ ਨੂੰ ਪਲਟਣ ਵਾਲਾ ਇਹ ਮਹਤੱਵਪੂਰਨ ਕਦਮ ਹੈ। ਟਰੰਪ ਦੇ ਕਾਰਜਕਾਲ ‘ਚ ਜਨਵਰੀ 2019 ‘ਚ ‘ਮਾਈਗ੍ਰੇਂਟ ਪ੍ਰੋਟੈਕਸ਼ਨ ਪ੍ਰੋਟੋਕਾਲ’ ਨੂੰ ਲਾਗੂ ਕੀਤਾ ਗਿਆ ਸੀ। ਬਾਈਡੇਨ ਨੇ ਕਾਰਜਕਾਲ ਦੇ ਪਹਿਲੇ ਦਿਨ ਹੀ ਗ੍ਰਹਿ ਸੁਰੱਖਿਆ ਵਿਭਾਗ ਨੇ ਟਰੰਪ ਦੀਆਂ ਨੀਤੀਆਂ ਨੂੰ ਬਦਲ ਦਿੱਤਾ। ਉਸ ਤੋਂ ਬਾਅਦ ਸਰਹੱਦ ‘ਤੇ ਗ੍ਰਿਫਤਾਰ ਕੀਤੇ ਗਏ ਲੋਕਾਂ ਨੂੰ ਅਮਰੀਕਾ ‘ਚ ਛੱਡਿਆ ਗਿਆ ਅਤੇ ਉਨ੍ਹਾਂ ਨੂੰ ਅਦਾਲਤ ‘ਚ ਪੇਸ਼ ਹੋਣ ਦੇ ਨੋਟਿਸ ਦਿੱਤੇ ਗਏ।

ਗ੍ਰਹਿ ਸੁਰੱਖਿਆ ਵਿਭਾਗ ਨੇ ਕਿਹਾ ਕਿ ਇਸ ਕਦਮ ਨੂੰ ਇਸ ਤਰ੍ਹਾਂ ਨਹੀਂ ਦੇਖਿਆ ਜਾਣਾ ਚਾਹੀਦਾ ਕਿ ਪ੍ਰਵਾਸੀਆਂ ਨੂੰ ਸ਼ਰਤਾਂ ਨੂੰ ਪੂਰਾ ਕੀਤੇ ਬਿਨ੍ਹਾਂ ਅਮਰੀਕਾ ‘ਚ ਦਾਖਲ ਹੋਣ ਦੀ ਇਜਾਜ਼ਤ ਦਿੱਤੀ ਜਾ ਰਹੀ ਹੈ। ਗ੍ਰਹਿ ਸੁਰੱਖਿਆ ਮੰਤਰੀ ਐਲੇਜਾਂਦਰੋ ਮਾਇਰੋਕਸ ਨੇ ਕਿਹਾ ਕਿ ਰਾਸ਼ਟਰਪਤੀ ਬਾਈਡੇਨ ਨੇ ਸਪਸ਼ੱਟ ਕਰ ਦਿੱਤਾ ਹੈ ਕਿ ਅਮਰੀਕੀ ਸਰਕਾਰ ਸੁਰੱਖਿਅਤ, ਵਿਵਸਥਿਤ ਇਮੀਗ੍ਰੇਸ਼ਨ ਪ੍ਰਣਾਲੀ ਬਹਾਲ ਕਰਨ ਲਈ ਵਚਨਬੱਧ ਹੈ।


Share