ਬਾਈਡੇਨ ਨੇ ਬਿੱਲ ‘ਤੇ ਕੀਤੇ ਦਸਤਖਤ

376
Share

ਫਰਿਜ਼ਨੋ, 7 ਅਗਸਤ (ਗੁਰਿੰਦਰਜੀਤ ਨੀਟਾ ਮਾਛੀਕੇ/ਪੰਜਾਬ ਮੇਲ)-  ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡੇਨ ਨੇ ਵੀਰਵਾਰ ਨੂੰ ਇਕ ਅਜਿਹੇ ਬਿੱਲ ‘ਤੇ ਦਸਤਖਤ ਕੀਤੇ ਹਨ, ਜੋ 6 ਜਨਵਰੀ ਨੂੰ ਕੈਪੀਟਲ ਇਮਾਰਤ ‘ਚ ਹੋਏ ਦੰਗਿਆਂ ਦੌਰਾਨ ਸੁਰੱਖਿਆ ਕਰਨ ਵਾਲੇ ਪੁਲਸ ਅਧਿਕਾਰੀਆਂ ਦਾ ਸਨਮਾਨ ਕਰੇਗਾ। ਬਾਈਡੇਨ ਨੇ ਕੈਪੀਟਲ ਪੁਲਸ ਅਤੇ ਡੀ. ਸੀ. ਮੈਟਰੋਪੋਲੀਟਨ ਪੁਲਸ ਵਿਭਾਗ ਦੇ ਮੈਂਬਰਾਂ ਨੂੰ ਚਾਰ ਕਾਂਗਰੇਸ਼ਨਲ ਗੋਲਡ ਮੈਡਲ ਪ੍ਰਦਾਨ ਕਰਨ ਵਾਲੇ ਇਸ ਕਾਨੂੰਨ ‘ਤੇ ਹਸਤਾਖਰ ਕਰਦਿਆਂ ਉਹਨਾਂ ਦੀ ਬਹਾਦਰੀ ਦੀ ਪ੍ਰਸੰਸਾ ਕੀਤੀ।

ਸੈਨੇਟ ਵੱਲੋਂ ਸਰਬਸੰਮਤੀ ਨਾਲ ਮਨਜ਼ੂਰੀ ਮਿਲਣ ਤੋਂ ਬਾਅਦ ਇਹ ਬਿੱਲ ਬਾਈਡੇਨ ਦੇ ਡੈਸਕ ‘ਤੇ ਆਇਆ ਸੀ। ਜੂਨ ਵਿੱਚ ਸਦਨ ਨੇ ਇਸਨੂੰ 21 ਰਿਪਬਲਿਕਨਾਂ ਦੇ ਵਿਰੋਧ ਨਾਲ ਪਾਸ ਕੀਤਾ ਸੀ। ਇਸਦੇ ਇਲਾਵਾ ਰਾਸ਼ਟਰਪਤੀ ਨੇ ਮਰਹੂਮ ਕੈਪੀਟਲ ਪੁਲਸ ਅਫਸਰਾਂ ਬ੍ਰਾਇਨ ਸਿਕਨਿਕ ਤੇ ਬਿਲੀ ਇਵਾਂਸ ਦਾ ਸਨਮਾਨ ਕਰਨ ਦਾ ਵੀ ਸੰਕੇਤ ਦਿੱਤਾ। ਸਿਕਨਿਕ ਦੀ 6 ਜਨਵਰੀ ਨੂੰ ਕੈਪੀਟਲ ‘ਚ ਹੋਏ ਹਮਲੇ ਦੇ ਇਕ ਦਿਨ ਬਾਅਦ ਮੌਤ ਹੋ ਗਈ, ਜਦਕਿ ਇਵਾਂਸ ਜਿਸਦੀ 2 ਅਪ੍ਰੈਲ ਨੂੰ ਉਸ ਸਮੇਂ ਮੌਤ ਹੋ ਗਈ ਜਦੋਂ ਇੱਕ ਡਰਾਈਵਰ ਨੇ ਆਪਣੇ ਵਾਹਨ ਨੂੰ ਕੈਪੀਟਲ ਕੰਪਲੈਕਸ ਦੇ ਉੱਤਰੀ ਬੈਰੀਕੇਡ ਨਾਲ ਟੱਕਰ ਮਾਰ ਦਿੱਤੀ ਸੀ। ਇਹ ਬਿੱਲ ਕੁੱਲ ਚਾਰ ਕਾਂਗਰੇਸ਼ਨਲ ਗੋਲਡ ਮੈਡਲ ਪ੍ਰਦਾਨ ਕਰਦਾ ਹੈ, ਜਿਨ੍ਹਾਂ ਵਿੱਚੋਂ ਦੋ ਯੂ. ਐੱਸ ਕੈਪੀਟਲ ਪੁਲਸ ਅਤੇ ਮੈਟਰੋਪੋਲੀਟਨ ਪੁਲਸ ਵਿਭਾਗਾਂ ਦੇ ਹੈੱਡਕੁਆਰਟਰਾਂ ‘ਚ ਪ੍ਰਦਰਸ਼ਤ ਕੀਤੇ ਜਾਣਗੇ। ਤੀਜਾ ਮੈਡਲ ਸਮਿਥਸੋਨੀਅਨ ਇੰਸਟੀਚਿਊਟ ਨੂੰ ਜਾਵੇਗਾ ਤੇ ਅੰਤਮ ਮੈਡਲ ਇਮਾਰਤ ਵਿੱਚ ਪ੍ਰਦਰਸ਼ਿਤ ਕਰਨ ਲਈ ਕੈਪੀਟਲ ਦੇ ਆਰਕੀਟੈਕਟ ਨੂੰ ਦਿੱਤਾ ਜਾਵੇਗਾ। ਬਾਈਡੇਨ ਪ੍ਰਸ਼ਾਸਨ ਦੇ ਇਸ ਕਦਮ ਨਾਲ ਦੇਸ਼ ਦੀ ਸੁਰੱਖਿਆ ਕਰਨ ਵਾਲੇ ਕਰਮਚਾਰੀਆਂ ਦੇ ਸਨਮਾਨ ‘ਚ ਵਾਧਾ ਹੋਵੇਗਾ।


Share