ਬਾਈਡੇਨ ਨੇ ਕੋਰੋਨਾ ਨੂੰ ਲੈ ਕੇ ਕੀਤਾ ਨਵਾਂ ਐਲਾਨ

484
Share

ਵਾਸ਼ਿੰਗਟਨ, 26 ਮਾਰਚ (ਪੰਜਾਬ ਮੇਲ)- ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡੇਨ ਨੇ ਇਕ ਨਵੇਂ ਟੀਚੇ ਦਾ ਐਲਾਨ ਕਰਦੇ ਹੋਏ ਕਿਹਾ ਉਨ੍ਹਾਂ ਨੇ ਆਪਣੇ 100 ਦਿਨਾਂ ਦਾ ਕਾਰਜਕਾਲ ਪੂਰਾ ਹੋਣ ਤੱਕ 200 ਮਿਲੀਅਨ ਕੋਰੋਨਾ ਟੀਕਾਕਰਨ ਦੀਆਂ ਡੋਜ਼ ਦੇਣ ਦੀ ਯੋਜਨਾ ਬਣਾਈ ਹੈ। ਇਸ ਦੀ ਜਾਣਕਾਰੀ ਵ੍ਹਾਈਟ ਹਾਊਸ ਦੇ ਇਕ ਅਧਿਕਾਰੀ ਨੇ ਐੱਨ. ਸੀ. ਬੀ. ਨੂੰ ਦਿੱਤੀ। ਇਸ ਤੋਂ ਪਹਿਲਾਂ ਅਮਰੀਕਾ ਵਿਚ 100 ਮਿਲੀਅਨ ਕੋਰੋਨਾ ਟੀਕਾਕਰਣ ਡੋਜ਼ ਦੇਣ ਦਾ ਟੀਚਾ ਰੱਖਿਆ ਗਿਆ ਸੀ। ਬਾਈਡੇਨ ਨੇ ਇਸ ਨਵੇਂ ਟੀਚੇ ਦਾ ਐਲਾਨ ਪਹਿਲੀ ਵਾਰ ਰਾਸ਼ਟਰਪਤੀ ਵਜੋਂ ਆਪਣੀ ਪ੍ਰੈੱਸ ਕਾਨਫਰੰਸ ਵਿਚ ਕੀਤਾ।

ਬੀਤੇ ਕੁਝ ਦਿਨਾਂ ਤੋਂ ਟੀਕਾਕਰਨ ਦੀ ਮੁਹਿੰਮ ਵਿਚ ਲਗਾਤਾਰ ਵਾਧਾ ਦਰਜ ਕੀਤਾ ਜਾ ਰਿਹਾ ਹੈ। ਅਮਰੀਕਾ ਵਿਚ ਇਕ ਦਿਨ ਵਿਚ 2.5 ਮਿਲੀਅਨ ਡੋਜ਼ ਲੋਕਾਂ ਨੂੰ ਲਾਈਆਂ ਜਾ ਰਹੀਆਂ ਹਨ। ਉਥੇ ਫੈਡਰਲ ਸਰਕਾਰ ਨੇ ‘ਜਾਨਸਨ ਐਂਡ ਜਾਨਸਨ’ ਨਾਲ 200 ਮਿਲੀਅਨ ਡੋਜ਼ਾਂ ਖਰੀਦਣ ਦਾ ਕਰਾਰ ਕੀਤਾ ਹੈ। ਇਨ੍ਹਾਂ ਦੀ ਡਿਲੀਵਰੀ ਅਮਰੀਕਾ ਵਿਚ ਜੂਨ ਦੇ ਆਖਰੀ ਦਿਨਾਂ ਵਿਚ ਹੋਣ ਦੀ ਗੱਲ ਦੱਸੀ ਜਾ ਰਹੀ ਹੈ। ਇਸ ਤੋਂ ਇਲਾਵਾ ਸਰਕਾਰ ਨੇ ਫਾਈਜ਼ਰ ਅਤੇ ਮੋਡਰਨਾ ਤੋਂ ਵੀ ਵੈਕਸੀਨ ਖਰੀਦਣ ਦੀ ਵੀ ਗੱਲ ਆਖੀ ਹੈ।

ਅਮਰੀਕਾ ਵਿਚ ਹੁਣ ਤੱਕ ਕੋਰੋਨਾ ਦੇ 30,718,393 ਮਾਮਲੇ ਦਰਜ ਕੀਤੇ ਜਾ ਚੁੱਕੇ ਹਨ, ਜਿਨ੍ਹਾਂ ਵਿਚੋਂ 5,58,607 ਲੋਕਾਂ ਦੀ ਮੌਤ ਹੋ ਚੁੱਕੀ ਹੈ ਅਤੇ 23,134,354 ਲੋਕ ਸਿਹਤਯਾਬ ਹੋ ਚੁੱਕੇ ਹਨ। ਦੱਸ ਦਈਏ ਕਿ ਅਮਰੀਕਾ ਦੀ ਇਸ ਵੇਲੇ 10 ਫੀਸਦੀ ਆਬਾਦੀ ਕੋਰੋਨਾ ਤੋਂ ਪ੍ਰਭਾਵਿਤ ਹੋ ਚੁੱਕੀ ਹੈ।


Share